ਮੁਹਾਲੀ ਪੁਲੀਸ ਵੱਲੋਂ ਮ੍ਰਿਤਕ ਹੋਮਗਾਰਡਾਂ ਦੇ ਪੀੜਤ ਪਰਿਵਾਰਾਂ ਦਾ ਧਰਨਾ ਜਬਰੀ ਚੁੱਕਣ ਦਾ ਯਤਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਸਥਾਨਕ ਫੇਜ਼-8 ਦੀ ਦੁਸ਼ਹਿਰਾ ਗਰਾਉਂਡ ਵਿਖੇ ਕੜਾਕੇ ਦੀ ਠੰਢ ਵਿੱਚ ਪਿਛਲੇ 20 ਦਿਨਾਂ ਤੋਂ ਪੰਜਾਬ ਹੋਮਗਾਰਡ ਮ੍ਰਿਤਕ ਪਰਿਵਾਰਕ ਮੈਂਬਰਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਮੁਹਾਲੀ ਪੁਲੀਸ ਨੇ ਜਬਰਦਸਤੀ ਚੁੱਕਵਾਉਣ ਦਾ ਯਤਨ ਕੀਤਾ। ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਪੱਟੀ ਨੇ ਕਿਹਾ ਕਿ ਉਹ ਮ੍ਰਿਤਕ ਹੋਮਗਾਰਡ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਲਈ 20 ਦਿਨਾਂ ਤੋਂ ਸ਼ਾਂਤਮਈ ਧਰਨਾ ਦੇ ਰਹੇ ਸਨ ਪਰ ਸੂਬਾ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਪੁਲੀਸ ਨੇ ਉਹਨਾਂ ਦਾ ਧਰਨਾ ਹੀ ਜਬਰਦਸਤੀ ਚੁਕਵਾ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਪੁਲੀਸ ਨੇ ਉਹਨਾਂ ਦਾ ਫੈਂਟ ਵੀ ਪਾੜ ਦਿੱਤਾ ਅਤੇ ਬੈਨਰ ਵੀ ਪਾੜ ਕੇ ਸੁੱਟ ਦਿੱਤੇ।
ਉਹਨਾ ਦਸਿਆ ਕਿ ਅੱਜ ਉਹਨਾਂ ਦੇ ਧਰਨੇ ਵਿਚ ਪੰਜਾਬ ਹੋਮਗਾਰਡ ਦੇ ਡੀ ਆਈ ਜੀ ਹਰਮਨਜੀਤ ਸਿੰਘ ਆਏ ਸਨ ਅਤੇ ਉਹਨਾਂ ਨੇ ਭਰੋਸਾ ਦਿਤਾ ਸੀ ਕਿ ਧਰਨਾਕਾਰੀਆਂ ਦੀ ਮੀਟਿੰਗ ਭਲਕੇ 9 ਜਨਵਰੀ ਨੂੰ ਡੀਜੀਪੀ ਪੰਜਾਬ ਹੋਮਗਾਰਡ ਬੀ ਕੇ ਬਾਵਾ ਨਾਲ ਕਰਵਾਈ ਜਾਵੇਗੀ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਆਗਿਆਪਾਲ ਸਿੰਘ, ਗੁਰਵਿੰਦਰ ਸਿੰਘ, ਬਿਕਰਮਜੀਤ ਸਿੰਘ, ਅੰਜੂ ਬਾਲਾ, ਸੁਖਚੈਨ ਕੌਰ, ਮਨਜੀਤ ਕੌਰ ਵੀ ਮੌਜੂਦ ਸਨ।
ਇਸ ਮੌਕੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੀਵ ਕੁਮਾਰ ਨੇ ਧਰਨਾਕਾਰੀਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ। ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਸਰਕਾਰ ਅਤੇ ਉੱਚ ਪੁਲੀਸ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ।
ਉਧਰ, ਆਮ ਆਦਮੀ ਪਾਰਟੀ (ਆਪ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਪ੍ਰਦਰਸ਼ਨਕਾਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਮ੍ਰਿਤਕ ਹੋਮਗਾਰਡਜ਼ ਪਰਿਵਾਰਕ ਮੈਂਬਰਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨਾਲ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕੜਾਕੇ ਦੀ ਠੰਢ ਵਿੱਚ ਸੜਕ ’ਤੇ ਧਰਨੇ ’ਤੇ ਬੈਠੇ ਇਨ੍ਹਾਂ ਪਰਿਵਾਰਾਂ ਦੀ ਸਰਕਾਰ ਨੂੰ ਤੁਰੰਤ ਸਾਰ ਲੈਣੀ ਚਾਹੀਦੀ ਹੈ ਅਤੇ ਅਤਿਵਾਦ ਨਾਲ ਲੜਦਿਆਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…