
ਮੁਹਾਲੀ ਪ੍ਰੈੱਸ ਕਲੱਬ ਦੀ ਕਾਰਜਕਾਰਨੀ ਭੰਗ ਤੇ ਤਿੰਨ ਮੈਂਬਰੀ ਚੋਣ ਕਮਿਸ਼ਨ ਦਾ ਗਠਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਮੁਹਾਲੀ ਪ੍ਰੈੱਸ ਕਲੱਬ ਦੀ ਏਜੀਐਮ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 70 ਤੋਂ ਵੱਧ ਰੈਗੂਲਰ ਮੈਂਬਰ ਪੱਤਰਕਾਰਾਂ ਨੇ ਹਾਜ਼ਰੀ ਭਰੀ। ਮੀਟਿੰਗ ਵਿੱਚ ਪੁਰਾਣੀ ਕਾਰਜਕਾਰਨੀ ਭੰਗ ਕਰਕੇ ਨਵੀਂ ਚੋਣ ਕਰਵਾਉਣ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਸਰਬਸੰਮਤੀ ਨਾਲ ਧਰਮਪਾਲ ਉਪਾਸਕ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਚੋਣ ਕਮਿਸ਼ਨ ਦਾ ਗਠਨ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਧਰਮ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੂਰੁ ਅਤੇ ਸੁਖਦੇਵ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਕਲੱਬ ਦੇ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਨੇ ਪਿਛਲੇ ਸਾਲ ਦੀਆਂ ਗਤੀਵਿਧੀਆਂ ਬਾਰੇ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ। ਜਿਸ ’ਤੇ ਬਾਹਿਸ ਕਰਨ ਉਪਰੰਤ ਕੁਝ ਸੋਧਾਂ ਨਾਲ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਰਿਪੋਰਟ ਨੂੰ ਪਾਸ ਕੀਤਾ ਗਿਆ। ਕਲੱਬ ਦੇ ਕੈਸ਼ੀਅਰ ਗੁਰਮੀਤ ਸਿੰਘ ਸ਼ਾਹੀ ਨੇ ਸਾਲ ਦੀ ਆਮਦਨ ਅਤੇ ਖਰਚੇ ਦੀ ਰਿਪੋਰਟ ਪੇਸ਼ ਕੀਤੀ ਗਈ। ਏਜੀਐਮ ਵੱਲੋਂ ਸਰਬਸੰਮਤੀ ਨਾਲ ਵਿੱਤੀ ਰਿਪੋਰਟ ਪਾਸ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਨਵੀਂ ਕਾਰਜਕਾਰਨੀ ਦੀ ਚੋਣ ਕਰਨ ਲਈ ਤਿੰਨ ਮੈਂਬਰ ਚੋਣ ਕਮਿਸ਼ਨਰ ਦਾ ਗਠਨ ਕੀਤਾ ਗਿਆ। ਜਿਸ ਵਿੱਚ ਮੁੱਖ ਚੋਣ ਕਮਿਸ਼ਨ ਧਰਮਪਾਲ ਉਪਾਸਕ, ਰਜਿੰਦਰ ਸੇਵਕ ਅਤੇ ਹਰਿੰਦਰਪਾਲ ਸਿੰਘ ਹੈਰੀ ਨੂੰ ਨਾਮਜ਼ਦ ਕੀਤਾ ਗਿਆ। ਮੀਟਿੰਗ ਦੇ ਆਖੀਰ ਵਿੱਚ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ ਨੇ ਕਲੱਬ ਦੇ ਸਮੂਹ ਮੈਂਬਰਾਂ ਅਤੇ ਕਲੱਬ ਦੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।