ਮੁਹਾਲੀ: ਕਿਰਤ ਭਵਨ ਦੇ ਬਾਹਰ ਗਰਜੇ ਪੰਜਾਬ ਦੇ ਮੁਲਾਜ਼ਮ ਤੇ ਮਜ਼ਦੂਰ

ਪੰਜਾਬ ਏਟਕ ਦੇ ਬੈਨਰ ਥੱਲੇ ‘ਆਪ’ ਸਰਕਾਰ ਦਾ ਕੀਤਾ ਜ਼ਬਰਦਸਤ ਪਿੱਟ ਸਿਆਪਾ

ਨਬਜ਼-ਏ-ਪੰਜਾਬ, ਮੁਹਾਲੀ, 3 ਅਪਰੈਲ:
ਸੂਬੇ ਦੀਆਂ ਵੱਖ-ਵੱਖ ਮੁਲਾਜ਼ਮ ਅਤੇ ਮਜ਼ਦੂਰ ਜਥੇਬੰਦੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਏਟਕ ਦੇ ਬੈਨਰ ਥੱਲੇ ਅੱਜ ਮੁਹਾਲੀ ਵਿਖੇ ਕਿਰਤ ਕਮਿਸ਼ਨਰ ਪੰਜਾਬ ਦਾ ਘਿਰਾਓ ਕੀਤਾ ਅਤੇ ਰਾਜ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕਰਦਿਆਂ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਸਰਕਾਰ ਵੱਲੋਂ ਪਿਛਲੇ 12 ਸਾਲਾਂ ਤੋਂ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜ਼ਰਤਾਂ ਵਿੱਚ ਸੋਧ ਕਰਕੇ ਕੋਈ ਵਾਧਾ ਨਾ ਕਰਨ ਵਿਰੁੱਧ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਜਟ ਸੈਸ਼ਨ ਦੌਰਾਨ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਵੀ ਘੱਟੋ-ਘੱਟ ਉਜ਼ਰਤਾਂ ਦਾ ਮੁੱਦਾ ਚੁੱਕਿਆ ਸੀ।
ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਹੀ ਪੰਜਾਬ ਭਰ ’ਚੋਂ ਮੁਲਾਜ਼ਮ ਅਤੇ ਮਜ਼ਦੂਰ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਦੁਪਹਿਰ 12 ਵਜੇ ਤੱਕ ਕਿਰਤ ਭਵਨ ਦੇ ਬਾਹਰ ਵੱਡੀ ਭੀੜ ਜਮ੍ਹਾ ਹੋ ਗਈ। ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਦਿਲਦਾਰ ਸਿੰਘ ਮੁਹਾਲੀ, ਸੁਖਦੇਵ ਸ਼ਰਮਾ, ਅਮਰਜੀਤ ਆਸਲ, ਜਗਦੀਸ਼ ਸਿੰਘ ਚਾਹਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਦਰਸ਼ਨ ਸਿੰਘ ਲੁਬਾਣਾ, ਅਮਰੀਕ ਸਿੰਘ ਮਸੀਤਾਂ, ਰਣਜੀਤ ਸਿੰਘ ਰਾਣਵਾਂ, ਕਸ਼ਮੀਰ ਸਿੰਘ ਗਦਾਈਆ, ਦਸਵਿੰਦਰ ਕੌਰ ਅਤੇ ਵਿਨੋਦ ਚੁੱਘ ਨੇ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕੀਤਾ। ਜਿਸ ਵਿੱਚ ਸਨਅਤੀ ਕਾਮੇ, ਨਰੇਗਾ ਕਾਮੇ, ਆਗਨਵਾੜੀ, ਸਕੀਮ ਵਰਕਰ, ਟਰਾਂਸਪੋਰਟ ਕਾਮੇ, ਬਿਜਲੀ ਮੁਲਾਜ਼ਮ, ਦਰਜਾ ਚਾਰ ਕਰਮਚਾਰੀ, ਖੇਤ-ਮਜ਼ਦੂਰ, ਭੱਠਾ ਵਰਕਰ, ਮਿਉਂਸਪਲ ਕਾਮੇ, ਠੇਕਾ ਮੁਲਾਜ਼ਮਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਰਕਤ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਕਿ ਅੱਤ ਦੀ ਮਹਿੰਗਾਈ ਦੇ ਇਸ ਦੌਰ ਵਿੱਚ ਘੱਟੋ-ਘੱਟ ਉਜ਼ਰਤ 35000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ।
ਇਸ ਮੌਕੇ ਬੰਤ ਸਿੰਘ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਮਿਨੀਮਮ ਵੇਜ਼ਸ ਐਕਟ ਦੇ ਮੁਤਾਬਕ ਹਰ ਪੰਜ ਸਾਲ ਬਾਅਦ ਘੱਟੋ-ਘੱਟ ਉਜ਼ਰਤਾਂ ਵਿੱਚ ਸੋਧ ਕਰਨੀ ਜ਼ਰੂਰੀ ਹੈ ਪਰ ਪੰਜਾਬ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਸਨਅਤਕਾਰਾਂ ਦੇ ਦਬਾਅ ਥੱਲੇ ਅਤੇ ਮਿਲੀ ਭੁਗਤ ਕਾਰਨ ਉਜ਼ਰਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ। ਹੁਣ ‘ਆਪ’ ਸਰਕਾਰ ਨੇ ਸਪੱਸ਼ਟ ਤੌਰ ’ਤੇ ਦਿੱਲੀ ਵਾਲਿਆਂ ਅਨੁਸਾਰ ਚੱਲਦਿਆਂ ਸਨਅਤਕਾਰਾਂ ਨਾਲ ਜੋਟੀ ਪਾ ਲਈ ਹੈ ਅਤੇ ਲੁਧਿਆਣਾ ਵਰਗੇ ਸਨਅਤੀ ਸ਼ਹਿਰ ਦੀ ਜ਼ਿਮਨੀ ਚੋਣ ਨੂੰ ਹਰ ਹੀਲੇ ਜਿੱਤਣ ਨੂੰ ਧਿਆਨ ਵਿੱਚ ਰੱਖ ਕੇ ਮਜ਼ਦੂਰਾਂ ਦੀ ਸੰਘੀ ਘੁੱਟੀ ਜਾ ਰਹੀ ਹੈ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਉਜ਼ਰਤਾਂ ਵਿੱਚ ਬਿਨਾਂ ਦੇਰੀ ਅਸਲ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਸੋਧਿਆ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸਰਕਾਰ ਨੂੰ ਮਜ਼ਦੂਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਵੱਲੋਂ ਮਜ਼ਦੂਰਾਂ ਦੇ ਅਹਿਮ ਮੱੁਦਿਆਂ ਨੂੰ ਲੈ ਕੇ 20 ਮਈ ਨੂੰ ਦੇਸ਼-ਵਿਆਪੀ ਹੜਤਾਲ ਕੀਤੀ ਜਾ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ।

Load More Related Articles

Check Also

Punjab To Launch ‘Sikhya Kranti’ to Mark Completion of ₹2,000-Cr Infrastructure Projects in 12K schools

Punjab To Launch ‘Sikhya Kranti’ to Mark Completion of ₹2,000-Cr Infrastructur…