Nabaz-e-punjab.com

ਮੁਹਾਲੀ ਵਾਸੀਆਂ ਵੱਲੋਂ ਡੀਸੀ ਦੇ ਸਬਜ਼ੀਆਂ ਦੀ ਪ੍ਰਚੂਨ ਵਿਕਰੀ ਦੇ ਤੈਅ ਕੀਤੇ ਰੇਟ ਮੁੱਢੋਂ ਰੱਦ

ਡੀਸੀ ਵੱਲੋਂ ਸਬਜ਼ੀਆਂ ਦੇ ਤੈਅ ਕੀਤੇ ਮਹਿੰਗੇ ਰੇਟਾਂ ਦਾ ਮਾਮਲਾ ਮੁੱਖ ਮੰਤਰੀ ਕੋਲ ਪੁੱਜਾ

ਗਰੀਬ ਲੋਕ ਲੂਣ ਤੇ ਆਚਾਰ ਨਾਲ ਆਪਣੀ ਭੁੱਖ ਮਿਟਾਉਣ ਲਈ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਜਿੱਥੇ ਆਮ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਰੁਕ ਗਈ ਹੈ, ਉੱਥੇ ਗਰੀਬ ਪਰਿਵਾਰ ਆਪਣੀ ਭੁੱਖ ਮਿਟਾਉਣ ਲਈ ਲੂਣ ਤੇ ਆਚਾਰ ਨਾਲ ਰੋਟੀ ਖਾਣ ਲਈ ਮਜਬੂਰ ਹਨ। ਉਧਰ, ਮੁਹਾਲੀ ਵਾਸੀਆਂ ਨੇ ਬੀਤੇ ਦਿਨੀਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਨਿਰਧਾਰਿਤ ਕੀਤੇ ਸਬਜ਼ੀਆਂ ਦੇ ਭਾਅ ਰੱਦ ਕਰ ਦਿੱਤੇ ਹਨ। ਡੀਸੀ ਨੇ ਸਬਜ਼ੀ ਵਿਕਰੇਤਾਵਾਂ ਵੱਲੋਂ ਸਬਜ਼ੀ ਮਹਿੰਗੇ ਭਾਅ ਵੇਚੇ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸਬਜ਼ੀਆਂ ਦੇ ਪ੍ਰਚੂਨ ਵਿਕਰੀ ਦੇ ਰੇਟ ਨਿਰਧਾਰਿਤ ਕੀਤੇ ਸਨ। ਆਜ਼ਾਦ ਨਗਰ ਬਲੌਂਗੀ ਦੇ ਧਨੰਜੇ ਕੁਮਾਰ, ਸੁਸ਼ੀਲ ਕੁਮਾਰ, ਰਮੀਤਾ, ਬੱਬਲੂ, ਰਾਜ ਕੁਮਾਰ, ਉਮਾ ਸੰਕਰ, ਮਹਾਂਵੀਰ, ਸੁਰਿੰਦਰ, ਸੰਜੀਵ, ਸੰਜੇ, ਅਮਿਤ ਤੇ ਸੰਤੋਸ਼ ਨੇ ਦੱਸਿਆ ਕਿ ਉਹ ਰੋਜ਼ਾਨਾ ਮੁਹਾਲੀ ਦੀਆਂ ਫੈਕਟਰੀਆਂ ਵਿੱਚ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਸੀ ਲੇਕਿਨ ਪਿਛਲੇ ਦਿਨੀਂ ਸਰਕਾਰ ਨੇ ਅਚਾਨਕ ਕਰਫਿਊ ਲਗਾ ਕੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ। ਜਿਸ ਕਾਰਨ ਉਹ ਲੂਣ ਅਤੇ ਆਚਾਰ ਨਾਲ ਰੋਟੀ ਖਾਣ ਲਈ ਮਜਬੂਰ ਹਨ।
ਇਸ ਸਬੰਧੀ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਅੱਜ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਬਜ਼ੀਆਂ ਅਤੇ ਹੋਰ ਰੋਜ਼ਮੱਰਾ ਦੀਆਂ ਵਸਤੂਆਂ ਦੇ ਭਾਅ ਘੱਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਤੈਅ ਕੀਤੇ ਸਬਜ਼ੀਆਂ ਦੇ ਰੇਟ ਕਾਫੀ ਮਹਿੰਗੇ ਹਨ। ਜਿਸ ਕਾਰਨ ਹਰੀਆਂ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਉਨ੍ਹਾਂ ਪੱਤਰ ਵਿੱਚ ਲਿਖਿਆ ਹੈ ਕਿ ਡੀਸੀ ਦੇ ਭਾਅ ਮਾਰਕੀਟ ਤੋਂ ਕਰੀਬ ਡੇਢ ਤੋਂ ਦੋ ਗੁਣਾ ਵੱਧ ਹਨ ਅਤੇ ਰੇਹੜੀਆਂ ਵਾਲੇ ਕਰਫਿਊ ਦਾ ਨਾਜਾਇਜ਼ ਫਾਇਦਾ ਚੁੱਕ ਕੇ ਮਨਮਰਜ਼ੀ ਦੇ ਰੇਟ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਰੇਹੜੀਆਂ ਵਾਲਿਆਂ ਦੇ ਰੇਟ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹਨ। ਇਸ ਮਾਮਲੇ ਵਿੱਚ ਪ੍ਰਸ਼ਾਸਨ ਦੀ ਵਪਾਰੀਆਂ ਨਾਲ ਮਿਲੀਭੁਗਤ ਅਤੇ ਕਥਿਤ ਘੁਟਾਲੇ ਦੀ ਬੋਅ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਹਿੰਗਾਈ ਅਤੇ ਕਰਫਿਊ ਨਾਲ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਹਨ, ਇਨ੍ਹਾਂ ਸਾਰੇ ਪਹਿਲੂਆਂ ’ਤੇ ਗੌਰ ਕਰਦਿਆਂ ਸਬਜ਼ੀਆਂ ਦੇ ਰੇਟ ਘੱਟ ਕੀਤੇ ਜਾਣ।
ਮੁਹਾਲੀ ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਭੁਪਿੰਦਰ ਸਿੰਘ ਨੇ ਮੁਹਾਲੀ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਕਿ ਸਬਜ਼ੀਆਂ ਅਤੇ ਹੋਰ ਵਸਤੂਆਂ ਦੇ ਭਾਅ ਉਸ ਦੀ ਲਾਗਤ ਅਤੇ ਮੰਡੀਆਂ ਵਿੱਚ ਪਹੁੰਚ ਆਦਿ ਅੰਕੜਿਆਂ ਦਾ ਮੁਲਾਂਕਣ ਕਰਕੇ ਤੈਅ ਕੀਤੇ ਜਾਣ ਤਾਂ ਜੋ ਗਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਹੋ ਸਕੇ ਅਤੇ ਇਸ ਸਬੰਧੀ ਇੰਡਸਟਰੀ ਮਾਹਰਾਂ ਤੋਂ ਸੁਝਾਅ ਲਏ ਜਾਣ। ਉਨ੍ਹਾਂ ਕਿਹਾ ਕਿ ਇਕ ਪਾਸੇ ਡਾਕਟਰਾਂ ਵੱਲੋਂ ਸਿਹਤ ਪੱਖੋਂ ਤੰਦਰੁਸਤ ਰਹਿਣ ਦੀ ਦੁਹਾਈ ਦਿੱਤੀ ਜਾ ਰਹੀ ਹੈ, ਦੂਜੇ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਹਰੀਆਂ ਸਬਜ਼ੀਆਂ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਭਲਾ ਕੋਈ ਗਰੀਬ ਕਿਵੇਂ ਤੰਦਰੁਸਤ ਰਹਿ ਸਕਦਾ ਹੈ।
(ਬਾਕਸ ਆਈਟਮ) ਡੀਸੀ ਵੱਲੋਂ ਤੈਅ ਰੇਟ
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਕੀਤੇ ਤੈਅ ਸਬਜ਼ੀਆਂ ਦੇ ਭਾਅ: ਆਲੂ 50 ਰੁਪਏ ਕਿੱਲੋ, ਪਿਆਜ਼ 45 ਰੁਪਏ ਕਿੱਲੋ, ਟਮਾਟਰ 60 ਰੁਪਏ ਕਿੱਲੋ, ਫੁੱਲ ਗੋਭੀ 40 ਰੁਪਏ ਕਿੱਲੋ, ਮਟਰ 120 ਰੁਪਏ ਕਿੱਲੋ, ਗਾਜਰ 50 ਰੁਪਏ ਕਿੱਲੋ, ਘੀਆ 60 ਰੁਪਏ ਕਿੱਲੋ, ਚੱਪਣ ਕੱਦੂ 60 ਰੁਪਏ ਕਿੱਲੋ, ਹਰੀ ਮਿਰਚ 20 ਰੁਪਏ ਪ੍ਰਤੀ 100 ਗਰਾਮ, ਅਦਰਕ 250 ਰੁਪਏ ਕਿੱਲੋ, ਲਸਣ 170 ਰੁਪਏ ਕਿੱਲੋ, ਨਿੰਬੂ 120 ਰੁਪਏ ਕਿੱਲੋ, ਪਾਲਕ 10-15 ਰੁਪਏ ਪ੍ਰਤੀ ਗੁੱਛੀ, ਧਨੀਆ 10-15 ਰੁਪਏ ਪ੍ਰਤੀ ਗੁੱਛੀ, ਮੇਥੀ 10-15 ਰੁਪਏ ਪ੍ਰਤੀ ਗੁੱਛੀ ਤੋਂ ਵੱਧ ਨਹੀਂ ਵੇਚੇ ਜਾਣਗੇ। ਰੇਹੜੀ ਵਾਲੇ ਸਬਜ਼ੀ ਵੇਚਣ ਲਈ ਰੇਟ ਲਿਸਟ ਵੀ ਲਗਾਉਣਾ ਯਕੀਨੀ ਬਣਾਉਣਗੇ ਤਾਂ ਜੋ ਲੋਕਾਂ ਨੂੰ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇ।
(ਬਾਕਸ ਆਈਟਮ) ਰੇਹੜੀ ਵਾਲਿਆਂ ਦੇ ਰੇਟ
ਮੁਹਾਲੀ ਵਿੱਚ ਟਮਾਟਰ 80 ਰੁਪਏ ਕਿੱਲੋ, ਆਲੂ 60 ਰੁਪਏ ਕਿੱਲੋ, ਪਿਆਜ਼ 60 ਤੋਂ 70 ਰੁਪਏ ਕਿੱਲੋ, ਹਰਾ ਮਟਰ 100 ਰੁਪਏ ਕਿੱਲੋ, ਗਾਜਰ 50 ਰੁਪਏ ਕਿੱਲੋ, ਗੋਭੀ 50 ਰੁਪਏ ਕਿੱਲੋ, ਬੈਂਗਣ 70 ਤੋਂ 80 ਰੁਪਏ ਕਿੱਲੋ, ਸੇਬ 150 ਤੋਂ 200 ਰੁਪਏ ਕਿੱਲੋ, ਸ਼ਿਮਲਾ ਮਿਰਚ 70 ਰੁਪਏ ਕਿੱਲੋ, ਹਰੀ ਮਿਰਚ 100 ਰੁਪਏ ਕਿੱਲੋ, ਪਾਲਕ ਦੀ ਗੁੱਛੀ 50 ਰੁਪਏ, ਮੇਥੀ ਦੀ ਗੁੱਛੀ 50 ਰੁਪਏ, ਹਰਾ ਧਨੀਆ ਦੀ ਗੁੱਛੀ 30 ਰੁਪਏ ਵੇਚਿਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…