
ਕਮਿਸ਼ਨਰ ਕਮਲ ਗਰਗ ਨੂੰ ਵਧੀਆ ਅਧਿਕਾਰੀ ਵਜੋਂ ਹਮੇਸ਼ਾ ਯਾਦ ਰੱਖਣਗੇ ਮੁਹਾਲੀ ਵਾਸੀ: ਜੀਤੀ ਸਿੱਧੂ
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਦੀ ਇੱਥੋਂ ਬਦਲੀ ਹੋਣ ’ਤੇ ਅੱਜ ਉਨ੍ਹਾਂ ਨੂੰ ਕਾਬਜ ਧਿਰ ਅਤੇ ਦਫ਼ਤਰੀ ਸਟਾਫ਼ ਨੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਲੋਕ ਹਮੇਸ਼ਾ ਕਮਿਸ਼ਨਰ ਕਮਲ ਗਰਗ ਨੂੰ ਇੱਕ ਵਧੀਆ ਅਧਿਕਾਰੀ ਵਜੋੱ ਯਾਦ ਰੱਖਣਗੇ। ਉਨ੍ਹਾਂ ਕਿਹਾ ਕਿ ਕਮਿਸ਼ਨਰ ਦੇ ਅਹੁਦੇ ਨੂੰ ਕਮਲ ਗਰਗ ਨੇ ਪੂਰੀ ਜ਼ਿੰਮੇਵਾਰੀ ਨਾਲ ਅਦਾ ਕੀਤਾ ਅਤੇ ਉਨ੍ਹਾਂ ਦੇ ਕਾਰਜਕਾਲ ਕੋਰੋਨਾ ਵਰਗਾ ਭਾਰੀ ਸੰਕਟ ਮੁਹਾਲੀ ਤੇ ਆਇਆ ਜਿਸ ਤੋਂ ਨਜਿੱਠਣ ਲਈ ਕਮਿਸ਼ਨਰ ਕਮਲ ਗਰਗ ਨੇ ਲਗਾਤਾਰ ਮਿਹਨਤ ਕੀਤੀ। ਜਿਸ ਲਈ ਉਹ ਅਤੇ ਨਗਰ ਨਿਗਮ ਦੀ ਸਮੁੱਚੀ ਟੀਮ ਸ਼ਲਾਘਾ ਦੇ ਪਾਤਰ ਹਨ। ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਕਮਲ ਗਰਗ ਦੇ ਰੂਪ ਵਿੱਚ ਨਗਰ ਨਿਗਮ ਨੂੰ ਇੱਕ ਵਧੀਆ ਪ੍ਰਸ਼ਾਸਨਿਕ ਅਧਿਕਾਰੀ ਮਿਲਿਆ, ਜਿਸ ਨੇ ਨਗਰ ਨਿਗਮ ਦੀ ਹਰੇਕ ਬ੍ਰਾਂਚ ਨਾਲ ਪੂਰੇ ਤਾਲਮੇਲ ਨਾਲ ਸ਼ਹਿਰ ਦੇ ਵਿਕਾਸ ਲਈ ਕੰਮ ਕੀਤਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਮਲ ਗਰਗ ਦੇ ਕਮਿਸ਼ਨਰ ਦੇ ਕਾਰਜਕਾਲ ਸਮੇਂ ਮੁਹਾਲੀ ਨਗਰ ਨਿਗਮ ਨੇ ਕਈ ਇਤਿਹਾਸਕ ਪ੍ਰਾਪਤੀਆਂ ਕੀਤੀਆਂ ਹਨ ਅਤੇ ਸ਼ਹਿਰ ਦਾ ਚਹੁਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰ ਕਮਲ ਗਰਗ ਨੂੰ ਹਮੇਸ਼ਾ ਨਿਗਮ ਦੇ ਇਕ ਮਿਲਣਸਾਰ ਅਤੇ ਇਮਾਨਦਾਰ ਅਫ਼ਸਰ ਵਜੋਂ ਯਾਦ ਕੀਤਾ ਜਾਵੇਗਾ। ਜਿਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੀ ਭਰਤੀ ਤੋਂ ਲੈ ਕੇ ਮੁਹਾਲੀ ਦੇ ਕਈ ਵਿਕਾਸ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਇਸ ਮੌਕੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਮੁਹਾਲੀ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦਾ ਭਰਪੂਰ ਸਾਥ ਮਿਲਿਆ। ਜਿਸ ਕਰਕੇ ਉਹ ਮੁਹਾਲੀ ਵਿੱਚ ਅਹਿਮ ਵਿਕਾਸ ਕਾਰਜ ਕਰਵਾਉਣ ਵਿੱਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਦਾ ਸਟਾਫ ਹੋਵੇ ਭਾਵੇਂ ਮੁਹਾਲੀ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਹੋਣ ਜਾਂ ਮੁਹਾਲੀ ਦੇ ਲੋਕ, ਉਨ੍ਹਾਂ ਨੂੰ ਹਮੇਸ਼ਾ ਹੀ ਪੂਰੇ ਮੁਹਾਲੀ ਤੋਂ ਬਹੁਤ ਪਿਆਰ ਅਤੇ ਮਾਣ ਸਤਿਕਾਰ ਮਿਲਿਆ ਹੈ, ਜਿਸ ਲਈ ਸੱਦਾ ਮੋਹਾਲੀ ਵਾਸੀਆਂ ਦੇ ਰਿਣੀ ਰਹਿਣਗੇ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਜਾਇੰਟ ਕਮਿਸ਼ਨਰ ਹਰਕਿਰਨ ਕੌਰ ਚਾਨਾ, ਐਸ ਈ ਹਰਕੀਰਤ ਸਿੰਘ, ਸਮੂਹ ਬਰਾਂਚਾਂ ਦੇ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਰਹੇ।