ਕਰਫਿਊ ਦੌਰਾਨ ਸਬਜ਼ੀਆਂ ਦੀਆਂ ਰੇਹੜੀਆਂ ਵਾਲਿਆਂ ਤੋਂ ਮੁਹਾਲੀ ਵਾਸੀ ਪ੍ਰੇਸ਼ਾਨ

ਕਰਫਿਊ ਪਾਸ ਤੋਂ ਬਗੈਰ ਇਕ-ਇਕ ਰੇਹੜੀ ’ਤੇ ਘੁੰਮ ਰਹੇ ਦੋ-ਦੋ ਸਬਜ਼ੀ ਵਿਕਰੇਤਾ: ਬੇਦੀ

ਡੀਸੀ ਮੁਹਾਲੀ ਤੋਂ ਵੱਡੀ ਗਿਣਤੀ ਵਿੱਚ ਘੁੰਮ ਰਹੀਆਂ ਰੇਹੜੀਆਂ ’ਤੇ ਪਾਬੰਦੀ ਲਗਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਮੁਹਾਲੀ ਵਿੱਚ ਫਲ ਤੇ ਸਬਜ਼ੀਆਂ ਦੀਆਂ ਰੇਹੜੀਆਂ ਵਾਲਿਆਂ ਦੀ ਮਨਮਾਨੀਆਂ ਤੋਂ ਸ਼ਹਿਰ ਵਾਸੀ ਬੇਹੱਦ ਤੰਗ ਪ੍ਰੇਸ਼ਾਨ ਹਨ। ਸ਼ਹਿਰੀ ਖੇਤਰ ਅਤੇ ਆਸਪਾਸ ਇਲਾਕੇ ਵਿੱਚ ਗਲੀ ਮੁਹੱਲੇ ਵਿੱਚ ਘੁੰਮ ਫਿਰ ਕੇ ਫਲ ਅਤੇ ਸਬਜ਼ੀਆਂ ਵੇਚਣ ਵਾਲਿਆਂ ਦੀ ਭਰਮਾਰ ਹੈ। ਆਰਟੀਆਈ ਕਾਰਕੁਨ ਅਤੇ ਸਮਾਜ ਸੇਵੀ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜ਼ਿਆਦਾਤਰ ਰੇਹੜੀਆਂ ਵਾਲਿਆਂ ਦੇ ਕੋਲ ਕਰਫਿਊ ਪਾਸ ਵੀ ਨਹੀਂ ਹਨ ਪ੍ਰੰਤੂ ਫਿਰ ਵੀ ਉਹ ਗਲੀ ਮੁਹੱਲਿਆਂ ਵਿੱਚ ਘੁੰਮ ਰਹੇ ਹਨ। ਪੁਲੀਸ ਕਰਮਚਾਰੀ ਵੀ ਰੇਹੜੀਆਂ ਦੀ ਚੈਕਿੰਗ ਨਹੀਂ ਕਰ ਰਹੇ ਹਨ ਅਤੇ ਮੁਹਾਲੀ ਪ੍ਰਸ਼ਾਸਨ ਦਾ ਵੀ ਇਨ੍ਹਾਂ ’ਤੇ ਕੋਈ ਕੰਟਰੋਲ ਨਹੀਂ ਹੈ।
ਸ੍ਰੀ ਬੇਦੀ ਨੇ ਦੱਸਿਆ ਕਿ ਅੱਜ ਸਥਾਨਕ ਫੇਜ਼-3ਬੀ2 ਵਿੱਚ ਉਨ੍ਹਾਂ ਨੇ ਕਈ ਰੇਹੜੀਆਂ ਵਾਲਿਆਂ ਨੂੰ ਰੋਕ ਕੇ ਕਰਫਿਊ ਪਾਸ ਦਿਖਾਉਣ ਲਈ ਕਿਹਾ ਪ੍ਰੰਤੂ ਇਨ੍ਹਾਂ ਕੋਲ ਕੋਈ ਪਾਸ ਨਹੀਂ ਸੀ ਅਤੇ ਰੇਹੜੀ ਵਾਲੇ ਫਲ ਅਤੇ ਸਬਜ਼ੀਆਂ ਦੇ ਭਾਅ ਵੀ ਮਨ ਮਰਜ਼ੀ ਨਾਲ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਘੁੰਮ ਰਹੇ ਇਹ ਰੇਹੜੀਆਂ ਵਾਲੇ ਸੋਸ਼ਲ ਡਿਸਟੈਂਸ ਦੀਆਂ ਵੀ ਧੱਜੀਆਂ ਉੱਡਾ ਰਹੇ ਹਨ। ਸ਼ਹਿਰ ਵਾਸੀ ਇਨ੍ਹਾਂ ਸਬਜ਼ੀ ਵਿਕਰੇਤਾਵਾਂ ਤੋਂ ਬੇਹੱਦ ਪ੍ਰੇਸ਼ਾਨ ਹਨ ਅਤੇ ਉਹ ਆਪੋ-ਆਪਣੇ ਇਲਾਕੇ ਦੇ ਨਗਰ ਨਿਗਮ ਦੇ ਮੈਂਬਰਾਂ ਦੇ ਧਿਆਨ ਵਿੱਚ ਲਿਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮੁਹਾਲੀ ਪ੍ਰਸ਼ਾਸਨ ਇਨ੍ਹਾਂ ਰੇਹੜੀਆਂ ਵਾਲਿਆਂ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ।
ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਗਲੀ-ਗਲੀ ਸਬਜ਼ੀਆਂ ਭੇਜਣ ਦਾ ਇਹ ਵਧੀਆ ਉਪਰਾਲਾ ਹੈ ਪਰ ਇਹ ਬਿਨਾ ਮਾਸਕ, ਬਿਨਾਂ ਦਸਤਾਨੇ ਜਾਂ ਬਿਨਾਂ ਲਾਇਸੈਂਸ/ਕਰਫਿਊ ਪਾਸ ਤੋਂ ਇਨ੍ਹਾਂ 5-5 ਰੇਹੜੀਆਂ ਵਾਲਿਆਂ ਦੇ ਝੁੰਡ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕੱਠੇ ਘੁੰਮਦੇ ਰਹਿੰਦੇ ਹਨ। ਰੋਜ਼ਾਨਾ ਦਿਨ ਵਿੱਚ ਕਰੀਬ 70-80 ਰੇਹੜੀਆਂ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਸ੍ਰੀ ਬੇਦੀ ਨੇ ਦਿੱਲੀ ਵਿੱਚ ਇਕ ਸਬਜ਼ੀ ਵਿਕਰੇਤਾ ਨੂੰ ਆਏ ਕਰੋਨਾ ਪਾਜ਼ੇਟਿਵ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਅਜਿਹੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਣ ਵਾਲੇ ਸਬਜ਼ੀ ਵਿਕਰੇਤਾ ਹੀ ਆਉਣ ਵਾਲੇ ਸਮੇਂ ਵਿੱਚ ਕਰੋਨਾ ਫੈਲਾਉਣ ਦਾ ਕਾਰਨ ਬਣਨਗੇ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਕ ਰੇਹੜੀ ’ਤੇ ਸਿਰਫ਼ ਇਕ ਹੀ ਵਿਅਕਤੀ ਨੂੰ ਸਬਜ਼ੀ ਵੇਚਣ ਦੇ ਲਈ ਪਾਬੰਦ ਕਰੇ ਅਤੇ ਸਬਜ਼ੀਆਂ ਜਾਂ ਫਲ ਵੇਚਣ ਵਾਲਿਆਂ ਦਾ ਸਮਾਂ ਨਿਸ਼ਚਿਤ ਕਰੇ ਅਤੇ ਪੂਰਾ ਪੂਰਾ ਦਿਨ ਰੇਹੜੀਆਂ ਘੁੰਮਣ ਉੱਤੇ ਤੁਰੰਤ ਰੋਕ ਲਗਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…