
ਮੁਹਾਲੀ ਵਾਸੀਆਂ ਨੇ ਥਾਲੀਆਂ ਖੜਕਾ ਕੇ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਦਾ ਵਿਰੋਧ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮੁਹਾਲੀ ਸ਼ਹਿਰ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਵੱਡੀ ਸਕਰੀਨ ਲਗਾਈ ਗਈ ਅਤੇ ਸ਼ਹਿਰ ਵਾਸੀਆਂ ਨੇ ਗਿਣਤੀ ਵਿੱਚ ਇਕੱਠੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਪ੍ਰੋਗਰਾਮ ‘ਮਨ ਕੀ ਬਾਤ’ ਦਾ ਸਖ਼ਤ ਵਿਰੋਧ ਕੀਤਾ ਅਤੇ ਹੁਕਮਰਾਨਾਂ ਨੂੰ ਗੂੜੀ ਨੀਂਦ ਤੋਂ ਜਗਾਉਣ ਨੂੰ ਤਾਲੀਆਂ ਅਤੇ ਥਾਲੀਆਂ ਖੜਕਾ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ।
ਇਸ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਮੁਹਾਲੀ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਦਿਲਾਵਰ ਸਿੰਘ, ਕੁਲਦੀਪ ਸਿੰਘ ਕਟਾਣੀ ਅਤੇ ਰਾਜੀਵ ਭਾਟੀਆ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਦਿੱਲੀ ਚੱਲੋ ਮੁਹਿੰਮ ਦੇ ਸੰਯੋਜਕ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਕੰਗ, ਪ੍ਰੋ. ਮੇਹਰ ਸਿੰਘ ਮੱਲ੍ਹੀ, ਗਗਨਪ੍ਰੀਤ ਸਿੰਘ ਬੈਂਸ, ਅਮਰਜੀਤ ਸਿੰਘ ਧਾਲੀਵਾਲ ਅਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ‘ਮਨ ਦੀ ਮਨ ਕੀ ਬਾਤ’ ਸੁਣਨ ਦੀ ਅਪੀਲ ਕਰਦਿਆਂ ਅਤੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਦੁਹਰਾਈ।
ਇਸ ਮੌਕੇ ਦਿੱਲੀ ਚੱਲੋ ਮੁਹਿੰਮ ਦੇ ਤਹਿਤ ਮੁਹਾਲੀ ਦੇ ਵੱਡੀ ਗਿਣਤੀ ਵਿੱਚ ਲੋਕਾਂ ਖਾਸ ਕਰਕੇ ਨੌਜਵਾਨਾਂ ਨੇ ਆਪਣੇ ਨਾਮ ਦਰਜ ਕਰਵਾਏ। ਦਿੱਲੀ ਜਾਣ ਵਾਲੇ ਲੋਕ ਆਪਣੇ ਨਾਲ ਅੰਦੋਲਨਕਾਰੀ ਕਿਸਾਨਾਂ ਲਈ ਪਾਣੀ ਦੀਆਂ ਬੋਤਲਾਂ, ਲੱਕੜ, ਚਾਹਪੱਤੀ ਅਤੇ ਹੋਰ ਨਿੱਤ ਵਰਤੋਂ ਦਾ ਜ਼ਰੂਰੀ ਸਾਮਾਨ ਨਾਲ ਲੈ ਕੇ ਜਾਣਗੇ। ਬੁਲਾਰਿਆਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪਾਸੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕਦੇ ਅਤਿਵਾਦੀ ਅਤੇ ਕਦੇ ਖਾਲਿਸਤਾਨੀ ਦੱਸਦੇ ਹਨ ਪ੍ਰੰਤੂ ਅੱਜ ਸਿੱਖਾਂ ਅਤੇ ਕਿਸਾਨਾਂ ਨੂੰ ਘਰ ਬੁਲਾ ਕੇ ਕੀਰਤਨ ਦਰਬਾਰ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਦੋਗਲੀ ਨੀਤੀ ਨੂੰ ਦੇਸ਼ ਵਾਸੀ ਚੰਗੀ ਤਰ੍ਹਾਂ ਸਮਝ ਚੁੱਕੇ ਹਨ।
ਇਸ ਮੌਕੇ ਕਰਨਲ ਜੀਐਸ ਵਿਰਕ, ਅਵਤਾਰ ਸਿੰਘ ਸਿੱਧੂ, ਮੋਹਨ ਸਿੰਘ, ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਕਿਸਾਨ ਅੰਦੋਲਨ ਦੀ ਡਟ ਕੇ ਹਮਾਇਤ ਕਰਨ ਲਈ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਨਿੰਦਰ ਸਿੰਘ ਭੱਟੀ ਅਤੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਡਾਨੀ ਅਤੇ ਅੰਬਾਨੀ ਦੇ ਹਰੇਕ ਪ੍ਰੋਡਕਟ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਸ ਮੌਕੇ ਵਕੀਲ ਅਮਨਪ੍ਰੀਤ ਸਿੰਘ, ਮੁਲਾਜ਼ਮ ਆਗੂ ਪ੍ਰਭਦੀਪ ਸਿੰਘ ਬੋਪਾਰਾਏ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਕੁਲਬੀਰ ਸਿੰਘ ਸੈਣੀ, ਜਸਪਾਲ ਸਿੰਘ ਦਿਉਲ, ਪਰਮਦੀਪ ਸਿੰਘ ਪੰਮਾ ਵੀ ਹਾਜ਼ਰ ਸਨ।