nabaz-e-punjab.com

ਸਿਟੀ ਬੱਸ ਸਰਵਿਸ ਲਈ ਮੁਹਾਲੀ ਵਾਸੀਆਂ ਨੂੰ ਹਾਲੇ ਹੋਰ ਕਰਨਾ ਪਵੇਗਾ ਇੰਤਰਾਜ਼

ਪੰਜਾਬ ਸਰਕਾਰ ਨੇ ਕਲੀਅਰ ਕੀਤੀ ਨਿਗਮ ਦੀ ਸਤੰਬਰ ਮਹੀਨੇ ਦੀ ਮੀਟਿੰਗ ਵਿੱਚ ਪਾਸ ਮਤਿਆਂ ਦੀ ਫਾਈਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਮੁਹਾਲੀ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਵਾਸਤੇ ਨਗਰ ਨਿਗਮ ਵੱਲੋਂ ਚਲਾਈ ਜਾਣ ਵਾਲੀ ਸਿਟੀ ਬੱਸ ਸਰਵਿਸ ਦਾ ਮਤਾ ਇੱਕ ਵਾਰ ਫਿਰ ਲਮਕ ਬਸਤੇ ਵਿੱਚ ਪੈ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਇਸ ਮਤੇ ਤੇ ਇਹ ਕਹਿੰਦਿਆਂ ਰੋਕ ਲਗਾ ਦਿੱਤੀ ਗਈ ਹੈ ਕਿ ਇਸ ਮਤੇ ਸਬੰਧੀ ਨਿੱਜੀ ਤੌਰ ’ਤੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਨਾਲ ਸਬੰਧਤ ਰਿਕਾਰਡ ਸਮੇਤ ਡਿਸਕਸ ਕੀਤਾ ਜਾਵੇ। ਇਸ ਦੇ ਨਾਲ ਹੀ ਫੇਜ਼ 4 ਦੀ ਐਸ ਏ ਐਸ ਮਾਰਕੀਟ ਬਾਰੇ ਨਿਗਮ ਵੱਲੋਂ ਪਾਸ ਕੀਤੇ ਗਏ ਮਤੇ, ਜਿਸ ਵਿੱਚ ਨਿਗਮ ਵੱਲੋਂ ਦੁਕਾਨਦਾਰਾਂ ਨੂੰ ਲੀਜ ਆਧਾਰ ਤੇ ਅਲਾਟ ਕੀਤੀਆਂ ਗਈਆਂ ਰੇਹੜੀ ਸਾਈਟਾਂ ਨੂੰ ਗਮਾਡਾ ਵੱਲੋਂ ਫਰੀ ਹੋਲਡ ਬੇਸ ਤੇ ਅਲਾਟ ਕਰਨ ਸਬੰਧੀ ਸਰਵਸੰਮਤੀ ਨਾਲ ਇਹ ਪਾਸ ਕੀਤਾ ਗਿਆ ਸੀ ਕਿ ਜਿਨ੍ਹਾਂ ਵਿਅਕਤੀਆਂ ਦੀਆਂ 2-3 ਮਹੀਨੇ ਪੁਰਾਣੀਆਂ ਕਿਸ਼ਤਾਂ ਰਹਿੰਦੀਆਂ ਹਨ।
ਉਹਨਾਂ ਤੋਂ 7 ਫੀਸਦੀ ਦਾ ਸਾਧਾਰਨ ਵਿਆਜ ਲਗਾ ਕੇ ਵਸੂਲ ਲਿਆ ਜਾਵੇ ਅਤੇ 7 ਵਿਅਕਤੀ ਜੋ ਕਾਫੀ ਲੰਬੇ ਸਮੇਂ ਤੋਂ ਡਿਫਾਲਟਰ ਹਨ ਉਹਨਾਂ ਉੱਪਰ ਗਮਾਡਾ ਦੀ ਅਲਾਟਮੈਂਟ ਪਾਲਸੀ ਅਨੁਸਾਰ ਕਾਰਵਾਈ ਕੀਤੀ ਜਾਵੇ। ਹੁਣ ਸਥਾਨਕ ਸਰਕਾਰ ਵਿਭਾਗ ਵੱਲੋਂ ਇਸ ਮਤੇ ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਗਈ ਹੈ ਕਿ ਇਸ ਸਬੰਧੀ ਗਮਾਡਾ ਤੋਂ ਰਿਪੋਰਟ ਲੈ ਕੇ ਵੱਖਰੇ ਤੌਰ ਤੇ ਤਜਵੀਜ ਭੇਜੀ ਜਾਵੇ ਕਿ ਘੱਟ ਅਤੇ ਵੱਧ ਸਮੇਂ ਦੇ ਡਿਫਾਲਟਰਾਂ ਸਬੰਧੀ ਗਮਾਡਾ ਦੀ ਕੀ ਪਾਲਸੀ ਹੈ ਅਤੇ ਇਹ ਵੀ ਦੱਸਿਆ ਜਾਵੇ ਕਿ ਨਗਰ ਨਿਗਮ ਵਲੋੱ ਇਹਨਾਂ ਅਲਾਟੀਆਂ ਤੋਂ ਕਿਰਾਇਆ ਕਿਸ ਏਵਜ ਵਿੱਚ ਵਸੂਲਿਆ ਜਾਂਦਾ ਹੈ। ਇਸ ਤੋੱ ਇਲਾਵਾ ਮੀਟਿੰਗ ਵਿੱਚ ਰੱਖੇ ਗਏ ਕਰਮਚਾਰੀਆਂ ਦੇ ਜਿਆਦਾਤਰ ਮਤਿਆਂ ਨੂੰ ਸਥਾਨਕ ਸਰਕਾਰ ਵਿਭਾਗ ਦੀ ਮੰਜੂਰੀ ਹਾਸਿਲ ਹੋ ਗਈ ਹੈ ਅਤੇ ਵਿਭਾਗੀ ਕੰਮ ਕਾਜ ਲਈ ਆਊਟ ਸੋਰਸਿੰਗ ਰਾਂਹੀ ਰੱਖੇ ਜਾਣ ਵਾਲੇ ਕਰਮਚਾਰੀਆਂ ਦੀ ਨਿਯੁਕਤੀ (ਨਿਯਮਾਂ ਅਤੇ ਯੋਗਤਾ ਅਨੁਸਾਰ) ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਨਿਗਮ ਦੀ ਹਾਕਮ ਧਿਰ ਨਾਲ ਸੰਬੰਧਿਤ ਇੱਕ ਦਰਜਨ ਦੇ ਕਰੀਬ ਕੌਂਸਲਰਾਂ ਨੇ ਇਲਜਾਮ ਲਗਾਇਆ ਸੀ ਕਿ ਸਥਾਨਕ ਸਰਕਾਰ ਵਿਭਾਗ ਵਲੋੱ ਜਾਣ ਬੁੱਝ ਕੇ ਨਗਰ ਨਿਗਮ ਦੀਆਂ ਮੀਟਿੰਗਾਂ ਵਿਚ ਪਾਸ ਕੀਤੇ ਜਾਂਦੇ ਸ਼ਹਿਰ ਦੇ ਵਿਕਾਸ ਨਾਲ ਜੁੜੇ ਮਤਿਆਂ ਤੇ ਅਣਐਲਾਨੀ ਰੋਕ ਲਗਾ ਕੇ ਨਿਗਮ ਦੇ ਜਮਹੂਰੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਜੇਕਰ ਸਥਾਨਕ ਸਰਕਾਰ ਵਿਭਾਗ ਵਲੋੱ ਇਹਨਾਂ ਮਤਿਆਂ ਤੇ ਲਗਾਈ ਰੋਕ ਨਾ ਹਟਾਈ ਗਈ ਤਾਂ ਉਹ ਇਸ ਸੰਬੰਧੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਸੰਪਰਕ ਕਰਨ ’ਤੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਵੱਲੋਂ ਨਗਰ ਨਿਗਮ ਐਸਏਐਸ ਨਗਰ ਦੀ ਸਤੰਬਰ ਮਹੀਨੇ ਦੀ ਮੀਟਿੰਗ ਵਾਲੀ ਫਾਈਲ ਕਲੀਅਰ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਪਾਸ ਕੀਤੇ ਗਏ ਜ਼ਿਆਦਾਤਰ ਮਤੇ ਪਾਸ ਕਰ ਦਿੱਤੇ ਗਏ ਹਨ ਅਤੇ ਜਿਹਨਾਂ ਮਤਿਆਂ ਤੇ ਹੋਰ ਸਪਸ਼ਟੀਕਰਨ ਲੋੜੀਂਦਾ ਸੀ, ਜਿਸ ਸਬੰਧੀ ਇਹਨਾਂ ਨੂੰ ਪੈਂਡਿੰਗ ਰੱਖ ਕੇ ਨਿਗਮ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਛੇਤੀ ਹੀ ਇਹਨਾਂ ਬਾਰੇ ਵੀ ਅੰਤਿਮ ਫੈਸਲਾ ਕਰ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…