ਮੁਹਾਲੀ ਆਰਪੀਜੀ ਹਮਲਾ: ਪੰਜ ਕਤਲ ਕਰ ਚੁੱਕਾ ਹੈ ਮੁੱਖ ਮੁਲਜ਼ਮ ਦੀਪਕ ਰੰਗਾ

ਮੁਹਾਲੀ ਪੁਲੀਸ ਦੀ ਪੁੱਛਗਿੱਛ ਦੌਰਾਨ ਹੋਏ ਅਹਿਮ ਖ਼ੁਲਾਸੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਇੱਥੋਂ ਦੇ ਸੈਕਟਰ77 ਸਥਿਤ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਮਈ ਮਹੀਨੇ ਵਿੱਚ ਹੋਏ ਆਰਪੀਜੀ ਹਮਲੇ ਦੇ ਮਾਮਲੇ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਦੀਪਕ ਰੰਗਾ ਹੁਣ ਤੱਕ ਪੰਜ ਕਤਲ ਕਰ ਚੁੱਕਾ ਹੈ। ਇਸ ਗੱਲ ਦਾ ਖ਼ੁਲਾਸਾ ਪੁਲੀਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿੱਚ ਹੋਇਆ ਹੈ। ਬੀਤੇ ਦਿਨੀਂ ਮੁਹਾਲੀ ਪੁਲੀਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਮੁਲਜ਼ਮ ਦੀਪਕ ਰੰਗਾ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਪੁਲੀਸ ਅਨੁਸਾਰ ਮੁਲਜ਼ਮ ਰੰਗਾ ਖ਼ੁਫ਼ੀਆ ਵਿੰਗ ਦੇ ਦਫ਼ਤਰ ਦੀ ਇਮਾਰਤ ’ਤੇ ਆਰਪੀਜੀ ਹਮਲੇ ਦੇ ਮਾਸਟਰ ਮਾਈਂਡ ਹੈ। ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਹਾਲੀ ਹਮਲੇ ਸਮੇਤ ਹੋਰ ਅਪਰਾਧਿਕ ਵਾਰਦਾਤਾਂ ਬਾਰੇ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਦੀਪਕ ਰੰਗਾ ਨੇ ਪੁਲੀਸ ਦੀ ਜਾਂਚ ਦੌਰਾਨ ਇਹ ਗੱਲ ਮੰਨੀ ਹੈ ਕਿ ਵਾਰਦਾਤ ਵਾਲੇ ਦਿਨ ਉਸੇ ਨੇ ਕਈ ਜਾਣਕਾਰੀਆਂ ਦਿੱਤੀਆਂ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਰੰਗਾ ਨੇ ਇਹ ਗੱਲ ਵੀ ਕਬੂਲ ਕੀਤੀ ਹੈ ਕਿ ਵਾਰਦਾਤ ਵਾਲੇ ਦਿਨ ਉਸ ਨੇ ਹੀ ਇੰਟੈਲੀਜੈਂਸ ਵਿੰਗ ਦੀ ਇਮਾਰਤ ’ਤੇ ਆਰਪੀਜੀ ਦਾਗਿਆ ਸੀ। ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਉਹ ਵਾਹਨ ਵੀ ਬਰਾਮਦ ਕਰ ਲਿਆ ਗਿਆ ਹੈ। ਜਿਸ ’ਤੇ ਸਵਾਰ ਹੋ ਕੇ ਦੀਪਕ ਰੰਗਾ ਅਤੇ ਉਸਦੇ ਸਾਥੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮ ਦੀਪਕ ਰੰਗਾ ਚੰਡੀਗੜ੍ਹ ਵਿੱਚ ਹੋਏ ਸੋਨੂੰ ਸ਼ਾਹ ਕਤਲ ਮਾਮਲੇ ਵਿੱਚ ਵੀ ਪੁਲੀਸ ਨੂੰ ਲੋੜੀਂਦਾ ਹੈ, ਪ੍ਰੰਤੂ ਉਹ ਕਾਫ਼ੀ ਸਮੇਂ ਤੋਂ ਭਗੌੜਾ ਚੱਲਿਆ ਆ ਰਿਹਾ ਹੈ। ਉਹ ਚੰਡੀਗੜ੍ਹ ਵਿੱਚ ਹੋਏ ਇੱਕ ਹੋਰ ਦੋਹਰੇ ਕਤਲ ਮਾਮਲੇ ਵਿੱਚ ਵੀ ਸ਼ਾਮਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਦੀਪਕ ਰੰਗਾ ਨੂੰ ਮੁਹਾਲੀ ਪੁਲੀਸ ਵੱਲੋਂ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ। ਜਿਸ ਨੂੰ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਨਿਗਰਾਨੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ 10 ਦਿਨਾਂ ਦਾ ਰਿਮਾਂਡ ਪੁਲੀਸ ਹਾਸਲ ਕੀਤਾ ਗਿਆ ਹੈ। ਮੁਹਾਲੀ ਹਮਲੇ ਤੋਂ ਬਾਅਦ ਮੁਲਜ਼ਮ ਉਹ ਨੇਪਾਲ ਚਲਾ ਗਿਆ ਸੀ। ਉੱਥੋਂ ਉਹ ਗੋਰਖਪੁਰ ਆ ਗਿਆ ਅਤੇ ਭਿਣਕ ਲੱਗਦੇ ਹੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਦਿਨ ਤੋਂ ਉਹ ਜੇਲ੍ਹ ਵਿੱਚ ਸੀ। ਉਨ੍ਹਾਂ ਦੱਸਿਆ ਕਿ ਦੀਪਕ ਰੰਗਾ ਵਿਦੇਸ਼ ਮੁਲਕਾਂ ਵਿੱਚ ਰਹਿੰਦੇ ਅਤਿਵਾਦੀਆਂ ਦੇ ਸੰਪਰਕ ਵਿੱਚ ਹੈ। ਉਸ ਦੀ ਅਤਿਵਾਦੀ ਰਿੰਦਾ ਅਤੇ ਹੋਰਨਾਂ ਖਾੜਕੂ ਅਤੇ ਗੈਂਗਸਟਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ

ਵਿਜੀਲੈਂਸ ਨੇ 2024 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 173 ਮੁਲਜ਼ਮ ਗ੍ਰਿਫ਼ਤਾਰ ਕੀਤੇ: ਵਰਿੰਦਰ ਕੁਮਾਰ 10 ਗਜ਼ਟਿ…