
ਮੁਹਾਲੀ ਦੇ ਐਸਡੀਐਮ ਅਤੇ ਮਹਿਲਾ ਸਿੱਖਿਆ ਅਧਿਕਾਰੀ ਦੀ ਰਿਪੋਰਟ ਪਾਜ਼ੇਟਿਵ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਜਗਦੀਪ ਸਹਿਗਲ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਤਾਇਨਾਤ ਇਕ ਮਹਿਲਾ ਅਧਿਕਾਰੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਿੱਖਿਆ ਬੋਰਡ ਭਵਨ ਵਿੱਚ ਅਜੀਬ ਕਿਸਮ ਦੀ ਦਹਿਸ਼ਤ ਜਿਹੀ ਫੈਲ ਗਈ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅਧਿਕਾਰੀ ਕਰੋਨਾ ਦੇ ਲਪੇਟੇ ਆਉਣ ਬਾਰੇ ਸੂਚਨਾ ਕਾਫੀ ਵਾਇਰਲ ਹੋ ਰਹੀ ਹੈ ਪ੍ਰੰਤੂ ਹਾਲੇ ਤੱਕ ਸਿਹਤ ਵਿਭਾਗ ਨੂੰ ਅਧਿਕਾਰਤ ਤੌਰ ’ਤੇ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ।
ਜਾਣਕਾਰੀ ਅਨੁਸਾਰ ਮੁਹਾਲੀ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਇੱਥੋਂ ਦੇ ਸੈਕਟਰ-88 ਸਥਿਤ ਗਮਾਡਾ ਦੇ ਮੈਗਾ ਹਾਊਸਿੰਗ ਕੰਪਲੈਕਸ ਪੂਰਵ ਅਪਾਰਟਮੈਂਟ ਵਿੱਚ ਇਕਾਂਤਵਾਸ ਵਿੱਚ ਰਿਹ ਰਹੇ ਹਨ। ਪਿਛਲੇ ਸ਼ੁੱਕਰਵਾਰ ਨੂੰ ਉਸ ਨੇ ਪੀਸੀਐਸ ਅਧਿਕਾਰੀਆਂ ਦੀ ਮੀਟਿੰਗ ਐਂਟਡ ਕੀਤੀ ਸੀ। ਉਂਜ ਉਹ ਰੋਜ਼ਾਨਾ ਆਪਣੇ ਦਫ਼ਤਰ ਆ ਰਹੇ ਹਨ ਅਤੇ ਦਫ਼ਤਰੀ ਸਟਾਫ਼ ਸਮੇਤ ਆਮ ਲੋਕਾਂ ਨੂੰ ਮਿਲਦੇ ਰਹੇ ਹਨ।
ਉਧਰ, ਪੰਜਾਬ ਪੁਲੀਸ ਦੇ ਸਾਬਕਾ ਪੁਲੀਸ ਅਧਿਕਾਰੀ ਦੀ ਪਤਨੀ ਜੋ ਕਿ ਸਿੱਖਿਆ ਬੋਰਡ ਵਿੱਚ ਨੌਕਰੀ ਕਰਦੀ ਹੈ, ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਇਸ ਤੋਂ ਪਹਿਲਾਂ ਮਹਿਲਾ ਅਧਿਕਾਰੀ ਦਾ ਬੇਟਾ ਕਰੋਨਾ ਮਹਾਮਾਰੀ ਤੋਂ ਪੀੜਤ ਸੀ। ਦਫ਼ਤਰੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਅਧਿਕਾਰੀ ਬੀਤੀ 17 ਜੂਨ ਤੋਂ ਦਫ਼ਤਰ ਨਹੀਂ ਆ ਰਹੀ ਹੈ। ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਪਤਾ ਲੱਗਣ ’ਤੇ ਦਫ਼ਤਰੀ ਸਟਾਫ਼ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪ੍ਰੰਤੂ ਸਿਹਤ ਵਿਭਾਗ ਮਹਿਲਾ ਅਧਿਕਾਰੀ ਨੂੰ ਚੰਡੀਗੜ੍ਹ ਦੀ ਵਸਨੀਕ ਹੋਣ ਕਾਰਨ ਮੁਹਾਲੀ ਵਿੱਚ ਨਹੀਂ ਗਿਣ ਰਹੇ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਸਿੱਖਿਆ ਬੋਰਡ ਭਵਨ ਵਿੱਚ ਰੋਜ਼ਾਨਾ ਹੀ ਸੈਂਕੜੇ ਕਰਮਚਾਰੀ ਡਿਊਟੀ ’ਤੇ ਆ ਰਹੇ ਹਨ ਅਤੇ ਪੰਜਾਬ ਭਰ ’ਚੋਂ ਆਪਣੇ ਕੰਮਾਂ ਕਾਰਾਂ ਵੀ ਲੋਕ ਆ ਜਾ ਰਹੇ ਹਨ। ਕਈ ਬ੍ਰਾਂਚਾਂ ਵਿੱਚ ਤਾਂ ਕੰਮਾਂ ਲਈ ਲੋਕਾਂ ਦੀ ਭੀੜ ਜੁੱਟ ਰਹੀ ਹੈ। ਉਧਰ, ਦੇਰ ਸ਼ਾਮ ਨੂੰ ਕੁਰਾਲੀ ਵਿੱਚ ਦੋ ਕਰੋਨਾ ਪਾਜ਼ੇਟਿਵ ਮਰੀਜ਼ ਆਏ ਹਨ। ਇਸ ਤਰ੍ਹਾਂ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 330 ਹੋ ਗਈ ਹੈ। ਜਿਨ੍ਹਾਂ ’ਚੋਂ 76 ਨਵੇਂ ਕੇਸ ਐਕਟਿਵ ਹਨ।