ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ‘ਸਾਈਬਰ ਸਮਾਰਟ ਕਿਵੇਂ ਬਣੀਏ’ ਵਿਸ਼ੇ ’ਤੇ ਸੈਮੀਨਾਰ
ਨਬਜ਼-ਏ-ਪੰਜਾਬ, ਮੁਹਾਲੀ, 13 ਜਨਵਰੀ:
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਖ਼ਾਲਸਾ ਕਾਲਜ ਆਫ਼ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼ ਫੇਜ਼-3ਏ ਵਿਖੇ ‘ਸਾਈਬਰ ਸਮਾਰਟ ਕਿਵੇਂ ਬਣੀਏ’ ਵਿਸ਼ੇ ’ਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਪੀਐਚ ਵੈਸ਼ਨਵ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਐਸੋਸੀਏਸ਼ਨ ਦੇ ਮੀਡੀਆ ਕੋਆਰਡੀਨੇਟਰ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਟੈਕਨੋਮੈਕ ਇੰਡੀਆ ਦੇ ਐਮਡੀ ਹਰਵਿੰਦਰ ਸਿੰਘ ਬੈਨੀਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਸੈਂਟਰਲ ਡਿਟੈਕਟਿਵ ਟਰੇਨਿੰਗ ਇੰਸਟੀਚਿਊਟ, ਚੰਡੀਗੜ੍ਹ ਦੇ ਸਾਈਬਰ ਸੁਰੱਖਿਆ ਫੈਕਲਟੀ ਗੁਰਚਰਨ ਸਿੰਘ ਨੇ ਮੁੱਖ ਭਾਸ਼ਣ ਦਿੱਤਾ।
ਗੁਰਚਰਨ ਸਿੰਘ ਨੇ ਸਾਈਬਰ ਅਪਰਾਧੀਆਂ ਵੱਲੋਂ ਵਰਤੇ ਜਾ ਰਹੇ ਵੱਖ-ਵੱਖ ਤਰੀਕਿਆਂ ਬਾਰੇ ਸਾਵਧਾਨ ਰਹਿ ਕੇ ਕਿਵੇਂ ਬਚਿਆ ਜਾਵੇ, ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਆਪਣੇ ਫੋਨ ਨੂੰ ਹੈਕ ਹੋਣ ਤੋਂ ਬਚਾਉਣ ਦੇ ਵੱਖ-ਵੱਖ ਤਰੀਕੇ ਵੀ ਦੱਸੇ ਅਤੇ ਧੋਖਾਧੜੀ ਦੀ ਸਥਿਤੀ ਵਿੱਚ ਰਿਪੋਰਟ ਕਰਨ ਦਾ ਤਰੀਕਾ ਵੀ ਦੱਸਿਆ।
ਬ੍ਰਿਗੇਡੀਅਰ (ਸੇਵਾਮੁਕਤ) ਜੇਐਸ ਜਗਦੇਵ ਨੇ ਸਮੂਹ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂਬਰਾਂ ਨੂੰ ਸੰਭਾਵੀ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾਵੇ। ਸੈਮੀਨਾਰ ਵਿੱਚ ਲਗਪਗ 200 ਮੈਂਬਰਾਂ ਨੇ ਹਿੱਸਾ ਲਿਆ। ਮੰਚ ਸੰਚਾਲਨ ਹਰਜਿੰਦਰ ਸਿੰਘ ਨੇ ਕੀਤਾ ਅਤੇ ਪੀਐਚ ਵੈਸ਼ਨਵ ਦੇ ਯੋਗਦਾਨ ਅਤੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਜਨਰਲ ਸਕੱਤਰ ਐਸਐਸ ਬੇਦੀ ਨੇ ਸੰਸਥਾ ਦੀਆਂ ਮੁੱਖ ਗਤੀਵਿਧੀਆਂ ਪੇਸ਼ ਕੀਤੀਆਂ। ਮੀਤ ਪ੍ਰਧਾਨ ਜਰਨੈਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਚੀਫ਼ ਕਨਵੀਨਰ ਰਵਜੋਤ ਸਿੰਘ, ਵਿੱਤ ਸਕੱਤਰ ਜੇਐਸ ਰਾਵਲ, ਆਰਪੀ ਸਿੰਘ ਵਿੱਗ, ਜੇਐਸ ਠੁਕਰਾਲ, ਅਵਤਾਰ ਕੌਰ, ਜੀਐਸ ਬਿੰਦਰਾ, ਗੁਰਦੀਪ ਸਿੰਘ, ਅਮਰਪਾਲ ਸਿੰਘ, ਭੁਪਿੰਦਰ ਸਿੰਘ ਬੱਲ, ਜੀਐਸ ਛਾਬੜਾ, ਮਨਮੀਤ ਕੌਰ ਛਾਬੜਾ ਅਤੇ ਨਰਿੰਦਰ ਕੌਰ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ। ਡਾ. ਜੇਐਸ ਰਾਮਗੜ੍ਹੀਆ ਦੀ ਟੀਮ ਨੇ ਚਾਹ-ਪਾਣੀ ਅਤੇ ਲੰਗਰ ਦਾ ਪ੍ਰਬੰਧ ਕੀਤਾ।