ਮੁਹਾਲੀ ਤੋਂ ਰੇਲਗੱਡੀ ਰਾਹੀਂ 2551 ਪ੍ਰਵਾਸੀ ਵਿਅਕਤੀਆਂ ਨੂੰ ਝਾਰਖੰਡ ਤੇ ਗੋਰਖਪੁਰ ਵਾਪਸ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਪਿੱਤਰੀ ਰਾਜਾਂ ਵਿੱਚ ਭੇਜਣ ਦਾ ਸਿਲਸਿਲਾ ਜਾਰੀ ਹੈ। ਅੱਜ ਪੰਜਵੇਂ ਦਿਨ ਮੁਹਾਲੀ ਰੇਲਵੇ ਸਟੇਸ਼ਨ ਤੋਂ 2551 ਪ੍ਰਵਾਸੀ ਵਿਅਕਤੀਆਂ ਨੂੰ ਦੋ ਵਿਸ਼ੇਸ਼ ਰੇਲਗੱਡੀਆਂ ਰਾਹੀਂ ਝਾਰਖੰਡ ਅਤੇ ਗੋਰਖਪੁਰ ਵਾਪਸ ਭੇਜਿਆ ਗਿਆ। ਇਨ੍ਹਾਂ ’ਚੋਂ ਇਕ ਨਾਨ ਸਟਾਪ ਵਿਸ਼ੇਸ਼ ਰੇਲ ਗੱਡੀ ਅੱਜ ਸਵੇਰੇ 10 ਵਜੇ ਮੁਹਾਲੀ ਰੇਲਵੇ ਸਟੇਸ਼ਨ ਤੋਂ ਝਾਰਖੰਡ ਲਈ ਰਵਾਨਾ ਹੋਈ। ਜਿਸ ਨੂੰ ਐਸਡੀਐਮ ਜਗਦੀਪ ਸਹਿਗਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਜਦੋਂਕਿ ਇਕ ਗੱਡੀ ਸ਼ਾਮ ਨੂੰ ਗੋਰਖਪੁਰ ਲਈ ਰਵਾਨਾ ਹੋਈ।
ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਦਿਨਾਂ ਵਿੱਚ ਹੁਣ ਤੱਕ 7524 ਪ੍ਰਵਾਸੀ ਮਜ਼ਦੂਰਾਂ ਨੂੰ ਪਿੱਤਰੀ ਰਾਜਾਂ ਵਿੱਚ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 1216 ਪ੍ਰਵਾਸੀ ਵਿਅਕਤੀਆਂ ਨੂੰ ਝਾਰਖੰਡ ਅਤੇ 1335 ਪ੍ਰਵਾਸੀ ਵਿਅਕਤੀਆਂ ਨੂੰ ਗੋਰਖਪੁਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਰੇਲ ਗੱਡੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਅਤੇ ਪੈਕ ਕੀਤਾ ਖਾਣਾ ਪਰੋਸਿਆ ਗਿਆ। ਇਨ੍ਹਾਂ ’ਚੋਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਪਿੰਡ ਬਲੌਂਗੀ, ਬਲੌਂਗੀ ਕਲੋਨੀਆਂ, ਸੋਹਾਣਾ, ਨਵਾਂ ਗਾਉਂ, ਖਰੜ, ਜ਼ੀਰਕਪੁਰ ਅਤੇ ਡੇਰਾਬੱਸੀ ਅਤੇ ਹੋਰਨਾਂ ੳਾਵਾਂ ’ਤੇ ਰਹਿੰਦੇ ਸਨ। ਇਨ੍ਹਾਂ ਸਾਰੇ ਯਾਤਰੀਆਂ ਨੂੰ ਰੇਲ ਗੱਡੀ ਵਿੱਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੀ ਵਿਸ਼ੇਸ਼ ਅੱਠ ਕੁਲੈਕਸ਼ਨ ਸੈਂਟਰਾਂ ਵਿੱਚ ਚੰਗੀ ਤਰ੍ਹਾਂ ਸਕਰੀਨਿੰਗ ਕੀਤੀ ਗਈ। ਇਸ ਮਗਰੋਂ ਉਨ੍ਹਾਂ ਨੂੰ ਬੱਸਾਂ ਰਾਹੀਂ ਮੁਹਾਲੀ ਰੇਲਵੇ ਸਟੇਸ਼ਨ ਤੱਕ ਲਿਜਾਇਆ ਗਿਆ। ਬੱਸਾਂ ਨੂੰ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ। ਆਪਣੇ ਘਰਾਂ ਲਈ ਰਵਾਨਾ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮੁਫ਼ਤ ਘਰ ਵਾਪਸੀ ਦੀ ਸਹੂਲਤ ਦੇਣ ਲਈ ਸ਼ੁਕਰਾਨਾ ਕੀਤਾ। ਰੇਲ ਯਾਤਰੀਆਂ ਨੂੰ ਸਫ਼ਰ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਇਹ ਨਾਨ-ਸਟਾਪ ਰੇਲਗੱਡੀਆਂ ਰਸਤੇ ਵਿੱਚ ਕਿਸੇ ਸਟੇਸ਼ਨ ’ਤੇ ਨਹੀਂ ਰੁਕਣਗੀਆਂ ਅਤੇ ਸਿੱਧਾ ਝਾਰਖੰਡ ਅਤੇ ਗੋਰਖਪੁਰ ਸਟੇਸ਼ਨ ’ਤੇ ਜਾ ਕੇ ਰੁਕਣਗੀਆਂ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…