
ਮੁਹਾਲੀ ਦੇ ਕਈ ਥਾਣਾ ਮੁਖੀਆਂ ਦੇ ਤਬਾਦਲੇ, ਮਨਫੂਲ ਸਿੰਘ ਨੂੰ ਮਟੌਰ ਥਾਣੇ ਦਾ ਐਸਐਚਓ ਲਗਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਪੁਲੀਸ ਦੇ ਕੰਮ ਵਿੱਚ ਹੋਰ ਵਧੇਰੇ ਸੁਧਾਰ ਅਤੇ ਪਾਰਦਰਸ਼ਤਾ ਲਿਆਉਣ ਦੇ ਮੰਤਵ ਨਾਲ ਵੱਖ-ਵੱਖ ਥਾਣਾ ਮੁਖੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਐਸਐਸਪੀ ਨੇ ਤਾਜ਼ਾ ਹੁਕਮ ਜਾਰੀ ਕਰਕੇ ਇੰਸਪੈਕਟਰ ਮਨਫੂਲ ਸਿੰਘ ਨੂੰ ਮਟੌਰ ਥਾਣਾ ਦਾ ਨਵਾਂ ਐਸਐਚਓ ਲਗਾਇਆ ਗਿਆ ਹੈ ਜਦੋਂਕਿ ਮਟੌਰ ਦੇ ਪਹਿਲੇ ਐਸਐਚਓ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਇੱਥੋਂ ਦੇ ਬਦਲ ਕੇ ਥਾਣਾ ਸਿਟੀ ਖਰੜ ਦਾ ਨਵਾਂ ਐਸਐਚਓ ਲਗਾਇਆ ਗਿਆ ਹੈ। ਇੰਸਪੈਕਟਰ ਭਗਵੰਤ ਸਿੰਘ ਰਿਆੜ ਨੂੰ ਥਾਣਾ ਬਲੌਂਗੀ ਦਾ ਐਸਐਚਓ ਲਾਇਆ ਗਿਆ ਹੈ। ਇੰਜ ਹੀ ਇੰਸਪੈਕਟਰ ਚੌਧਰੀ ਰਜਨੀਸ਼ ਕੁਮਾਰ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਮੁੱਖ ਅਫ਼ਸਰ ਥਾਣਾ ਹੰਡੇਸਰਾ ਵਿੱਚ ਤਾਇਨਾਤ ਕੀਤਾ ਗਿਆ ਹੈ। ਜਦੋਂਕਿ ਹੰਡੇਸਰਾ ਥਾਣਾ ਦੇ ਪਹਿਲੇ ਐਸਐਚਓ ਇੰਸਪੈਕਟਰ ਗੁਰਵੀਰ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ। ਇੰਜ ਹੀ ਖਰੜ ਸਿਟੀ ਥਾਣਾ ਦੇ ਅੇਸਐਚਓ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਵੀ ਪੁਲੀਸ ਲਾਈਨ ਵਿੱਚ ਤਬਦੀਲ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।