
ਮੁਹਾਲੀ ਵਿੱਚ ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ, ਦਰਖ਼ਤ ਤੇ ਬਿਜਲੀ ਦੇ ਖੰਭੇ ਟੁੱਟੇ, ਬਿਜਲੀ ਗੁੱਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲੰਘੀ ਰਾਤ ਅਚਾਨਕ ਤੇਜ਼ ਤੂਫ਼ਾਨ ਅਤੇ ਮੀਂਹ ਨੇ ਕਾਫੀ ਤਬਾਹੀ ਮਚਾਈ। ਇਸ ਦੌਰਾਨ ਕਈ ਥਾਵਾਂ ’ਤੇ ਸੜਕਾਂ ਕਿਨਾਰੇ ਅਤੇ ਰਿਹਾਇਸ਼ੀ ਖੇਤਰ ਵਿੱਚ ਘਰਾਂ ਮੂਹਰੇ ਖੜੇ ਦਰਖ਼ਤ ਟੁੱਟ ਕੇ ਮਕਾਨਾਂ ਅਤੇ ਵਾਹਨਾਂ ਉੱਤੇ ਡਿੱਗ ਗਏ। ਇਹੀ ਨਹੀਂ ਕਈ ਇਲਾਕਿਆਂ ਵਿੱਚ ਬਿਜਲੀ ਦੇ ਖੰਭੇ ਟੁੱਟਣ ਕਾਰਨ ਦੇਰ ਰਾਤ ਤੱਕ ਬਿਜਲੀ ਵੀ ਗੁੱਲ ਹੋ ਗਈ। ਹਾਲਾਂਕਿ ਬਾਰਸ਼ ਪੈਣ ਨਾਲ ਕੁੱਝ ਹੱਦ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਅਤੇ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਉਧਰ, ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 80 ਤੋਂ 100 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ ਆਇਆ ਹੈ। ਲੋਕਾਂ ਦੇ ਮਕਾਨਾਂ ਦੀ ਛੱਤ ਉੱਤੇ ਰੱਖੀਆਂ ਪਾਣੀਆਂ ਟੈਂਕੀਆਂ ਤੱਕ ਉੱਡ ਗਈਆਂ ਅਤੇ ਦੁਕਾਨਾਂ ਦੇ ਅੱਗੇ ਲੱਗੇ ਮਸ਼ਹੂਰੀ ਬੋਰਡ ਵੀ ਟੁੱਟ ਗਏ ਲੇਕਿਨ ਰਾਤ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਫੇਜ਼-11 ਵਿੱਚ ਕਾਫ਼ੀ ਥਾਵਾਂ ’ਤੇ ਦਰਖ਼ਤ ਟੁੱਟ ਕੇ ਵਾਹਨਾਂ ਉੱਤੇ ਡਿੱਗੇ ਅਤੇ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਬਿਜਲੀ ਸਪਲਾਈ ਵੀ ਠੱਪ ਹੋ ਗਈ। ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਸੈਕਟਰ-70 ਦੇ ਰਿਹਾਇਸ਼ੀ ਖੇਤਰ ਅਤੇ ਐਚਆਈਜੀ ਬਲਾਕ ਵਿੱਚ ਦੇਰ ਰਾਤ ਤੱਕ ਬਿਜਲੀ ਗੁੱਲ ਰਹੀ। ਅਕਾਲੀ ਦਲ ਮੁਹਾਲੀ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਦੀ ਜਾਣਕਾਰੀ ਮੁਤਾਬਕ ਇੱਥੋਂ ਦੇ ਫੇਜ਼-9 ਵਿੱਚ ਲਗਪਗ 17 ਘੰਟੇ ਬਿਜਲੀ ਗੁੱਲ ਰਹੀ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸਮਾਜ ਸੇਵੀ ਅਤੁਲ ਸ਼ਰਮਾ ਨੇ ਦੱਸਿਆ ਕਿ ਫੇਜ਼-2 ਵਿੱਚ ਵੀ ਅਜਿਹਾ ਹੀ ਹਾਲ ਸੀ। ਪਿੰਡ ਚਿੱਲਾ ਵਿੱਚ ਵੀ ਰਾਤ 10 ਵਜੇ ਤੋਂ ਬਿਜਲੀ ਗੁੱਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਹਨੇਰੀ ਕਾਰਨ ਇਕ ਤਾਰ ਟੁੱਟ ਗਈ ਸੀ ਅਤੇ ਪੂਰੀ ਰਾਤ ਅਤੇ ਅੱਜ ਦਿਨ ਵਿੱਚ ਵੀ ਬਿਜਲੀ ਨਹੀਂ ਆਈ। ਜਿਸ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇੰਜ ਹੀ ਫੇਜ਼-3ਬੀ1, ਫੇਜ਼-3ਬੀ2, ਫੇਜ਼-3ਏ ਅਤੇ ਫੇਜ਼-5 ਸਮੇਤ ਹੋਰਨਾਂ ਇਲਾਕਿਆਂ ਵਿੱਚ ਵੀ ਦਰਖ਼ਤ ਅਤੇ ਬਿਜਲੀ ਦੇ ਖੰਭੇ ਟੁੱਟਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ ਅਤੇ ਕੌਂਸਲਰ ਬਲਜੀਤ ਕੌਰ ਨੇ ਸੂਚਨਾ ਮਿਲਣ ’ਤੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਜੇਸੀਬੀ ਮਸ਼ੀਨ ਅਤੇ ਟਰੀ ਪਰੂਨਿੰਗ ਮਸ਼ੀਨ ਦੀ ਮਦਦ ਨਾਲ ਸੜਕਾਂ ਅਤੇ ਘਰਾਂ ਉੱਤੇ ਡਿੱਗੇ ਦਰਖ਼ਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਪਾਸੇ ਹਟਾਇਆ ਗਿਆ।

ਇੰਜ ਹੀ ਸੈਕਟਰ-70 ਦੇ ਕਈ ਹਿੱਸਿਆਂ ਵਿੱਚ ਰਾਤ ਗੁੱਲ ਹੋਈ ਬਿਜਲੀ ਅੱਜ ਦਿਨ ਵਿੱਚ ਵੀ ਨਹੀਂ ਆਈ। ਆਜ਼ਾਦ ਗਰੁੱਪ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਹੁਣ ਤੱਕ ਕੋਈ ਅਧਿਕਾਰੀ ਜਾਂ ਕਰਮਚਾਰੀ ਮੌਕੇ ’ਤੇ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ 1912 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਗੱਲ ਨਹੀਂ ਬਣੀ। ਐਸਡੀਓ ਵੀ ਫੋਨ ਨਹੀਂ ਚੁੱਕ ਰਹੇ ਹਨ। ਥੱਕ ਹਾਰ ਕੇ ਉਨ੍ਹਾਂ ਨੇ ਡੀਸੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ। ਐਸਜੀਪੀਸੀ ਮੈਂਬਰ ਭਾੲਾਂੀ ਹਰਦੀਪ ਸਿੰਘ ਦੀ ਜਾਣਕਾਰੀ ਅਨੁਸਾਰ ਸੈਕਟਰ-70 ਵਿੱਚ ਸੜਕਾਂ ’ਤੇ ਖੜੇ ਦਰਖ਼ਤ ਟੁੱਟੇ ਅਤੇ ਆਵਾਜਾਈ ਵਿੱਚ ਵਿਘਨ ਪਿਆ। ਉਨ੍ਹਾਂ ਦੀ ਅਪੀਲ ’ਤੇ ਨਗਰ ਨਿਗਮ ਦੀ ਟੀਮ ਟੁੱਟੇ ਦਰਖ਼ਤ ਪਾਸੇ ਹਟਾਉਣ ਲਈ ਮੌਕੇ ’ਤੇ ਪਹੁੰਚੀ।