ਮੁਹਾਲੀ ਦੇ ਵਸਨੀਕ ਡਾ. ਸੁਰਿੰਦਰਪਾਲ ਭਗਤ ਨੇ ਜਲੰਧਰ (ਰਿਜ਼ਰਵ) ਤੋਂ ਕਾਂਗਰਸ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ

ਜਲੰਧਰ ਇੰਟਰਨੈਸ਼ਨਲ ਹਵਾਈ ਅੱਡਾ ਬਣਾਉਣ, ਗਰੀਬਾਂ ਨੂੰ 110-110 ਗਜ ਦੇ ਮਕਾਨ ਦੇਣ ਲਈ ਪੈਰਵੀ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਮੁਹਾਲੀ ਦੇ ਵਸਨੀਕ ਡਾ. ਸੁਰਿੰਦਰ ਪਾਲ ਭਗਤ (ਐਮਡੀ ਮੈਡੀਸਨ) ਨੇ ਲੋਕ ਸਭਾ ਹਲਕਾ ਜਲੰਧਰ (ਰਿਜ਼ਰਵ) ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦੀ ਇੱਛਾ ਪ੍ਰਗਟ ਕਰਦਿਆਂ ਕਾਂਗਰਸ ਦਫ਼ਤਰ ਵਿੱਚ ਅਰਜ਼ੀ ਦੇ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਭਗਤ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਸਿਹਤ ਵਿਭਾਗ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ ਵਿੱਚ ਰਹਿੰਦਿਆਂ ਚੰਡੀਗੜ੍ਹ, ਮੁਹਾਲੀ, ਖਰੜ, ਜ਼ੀਰਕਪੁਰ, ਰੂਪਨਗਰ, ਫਤਹਿਗੜ੍ਹ ਸਾਹਿਬ, ਖਮਾਣੋਂ, ਡੇਰਾਬੱਸੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ ਅਤੇ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ।
ਡਾਕਟਰ ਭਗਤ ਨੇ ਕਿਹਾ ਕਿ ਜਲੰਧਰ ਲੋਕ ਸਭਾ ਸੀਟ ਤੋਂ ਹੁਣ ਤੱਕ ਸਿਰਫ਼ ਇੱਕ ਹੀ ਜਾਤੀ ਵਰਗ (ਰਵੀਦਾਸੀਆਂ) ਨੂੰ ਟਿਕਟ ਦਿੱਤੀ ਜਾਂਦੀ ਰਹੀ ਹੈ। ਪੰਜਾਬ ਵਿੱਚ ਹੋਰਨਾਂ ਰਿਜ਼ਰਵ ਸੀਟਾਂ ’ਤੇ ਜ਼ਿਆਦਾਤਰ ਰਵੀਦਾਸੀਏ ਜਾਂ ਬਾਲਮੀਕ ਬਰਾਦਰੀ ਨੂੰ ਹੀ ਟਿਕਟ ਦਿੱਤੀ ਜਾਂਦੀ ਰਹੀ ਹੈ। ਜਦੋਂਕਿ 1966 ਦੇ ਐਸਸੀ ਸ਼ਡਿਊਲ ਵਿੱਚ ਕੁੱਲ 39 ਜਾਤਾਂ ਦਰਜ ਹਨ। ਜਿਨ੍ਹਾਂ ਨੂੰ ਕਦੇ ਕਿਸੇ ਹੋਰ ਨੂੰ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਭਗਤ (ਕਬੀਰ ਪੰਥੀ, ਮੇਘ) ਬਰਾਦਰੀ ਦੀ ਵਸੋਂ 25-30 ਲੱਖ ਦੇ ਕਰੀਬ ਹੈ ਪ੍ਰੰਤੂ ਉਨ੍ਹਾਂ ਨੂੰ ਪਾਰਟੀ ਟਿਕਟ ਦੇਣ ਵਿੱਚ ਅਣਗੌਲਿਆ ਕੀਤਾ ਜਾਂਦਾ ਹੈ। ਜਿਸ ਕਾਰਨ ਭਗਤ ਬਰਾਦਰੀ ਨੂੰ ਟਿਕਟ ਨਾ ਮਿਲਣ ਦਾ ਬਹੁਤ ਰੋਸ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਜਾਤ ਵਰਗ ਦੇ ਵਿਰੁੱਧ ਨਹੀਂ ਹਨ।
ਡਾਕਟਰ ਭਗਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਅਸ਼ੋਕ ਗਹਿਲੋਤ ਨੂੰ ਭਗਤ ਬਰਾਦਰੀ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਂਦਿਆਂ ਐਤਕੀਂ ਜਲੰਧਰ ਤੋਂ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪਾਰਟੀ ਦੇ ਹੋਰਨਾਂ ਆਗੂਆਂ ਨੂੰ ਮਿਲ ਕੇ ਇਨਸਾਫ਼ ਦੀ ਗੁਹਾਰ ਲਗਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਹਾਈ ਕਮਾਂਡ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢਣ ਅਤੇ ਰੁਜ਼ਗਾਰ ਅਤੇ ਆਪਣਾ ਕਾਰੋਬਾਰ ਕਰਨ ਦੇ ਯੋਗ ਬਣਾਉਣ ਲਈ ਉਪਰਾਲੇ ਕਰਨਗੇ ਅਤੇ ਜਲੰਧਰ ਦੀ ਖੇਡ, ਸਰਜੀਕਲ, ਲੈਦਰ ਅਤੇ ਛੋਟੀਆਂ ਸਨਅਤਾਂ ਨੂੰ ਹੋਰ ਪ੍ਰਫੁੱਲਤ ਕਰਨ, ਜਲੰਧਰ ਵਿੱਚ ਇੰਟਰਨੈਸ਼ਨਲ ਹਵਾਈ ਅੱਡਾ ਬਣਾਉਣ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਕਰਕੇ ਗਰੀਬ ਵਰਗ ਦੇ ਪਹੁੰਚ ਵਿੱਚ ਲਿਆਉਣ, ਠੇਕੇਦਾਰੀ ਪ੍ਰਥਾ ਨੂੰ ਖਤਮ ਕਰਕੇ ਪੱਕੀ ਭਰਤੀ ਕਰਨ, ਅੌਰਤਾਂ ਦੀ ਸੁਰੱਖਿਆ, 33 ਗਜ ਦੇ ਮਕਾਨਾਂ ਵਿੱਚ ਰਹਿੰਦੇ 4-4 ਪਰਿਵਾਰਾਂ ਨੂੰ 110-110 ਗਜ ਦੇ ਮਕਾਨ ਦੇਣ, ਬੇਰੁਜ਼ਗਾਰੀ ਭੱਤਾ 2 ਹਜ਼ਾਰ ਰੁਪਏ ਕਰਨ ਸਮੇਤ ਅਹਿਮ ਮੁੱਦਿਆਂ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…