ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਮੁਹਾਲੀ ਸ਼ਹਿਰੀ ਤੇ ਪਿੰਡਾਂ ਦੇ ਲੋਕ ਹਾਲੋਂ ਬੇਹਾਲ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਪਾਵਰਕੌਮ ਮੈਨੇਜਮੈਂਟ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਮੁਹਾਲੀ ਸ਼ਹਿਰੀ, ਛੋਟੇ ਕਸਬਿਆਂ ਅਤੇ ਨੇੜਲੇ ਪਿੰਡਾਂ ਵਿੱਚ ਰਹਿੰਦੇ ਲੋਕ ਅੱਤ ਦੀ ਗਰਮੀ ਵਿੱਚ ਹਾਲੋਂ ਬੇਹਾਲ ਹਨ। ਬੱਤੀ ਕਦੋਂ ਗੁੱਲ ਹੋ ਜਾਵੇਗੀ ਅਤੇ ਕਦੋਂ ਵਾਪਸ ਆਵੇਗੀ, ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ ਅਤੇ ਨਾ ਹੀ ਪਾਵਰਕੌਮ ਦੇ ਅਧਿਕਾਰੀ ਪੀੜਤ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਹਨ। ਬਿਜਲੀ ’ਤੇ ਨਿਰਭਰ ਕਾਰੋਬਾਰੀ ਵੀ ਡਾਢੇ ਪ੍ਰੇਸ਼ਾਨ ਹਨ।
ਮੁਹਾਲੀ ਦੀ ਜੂਹ ਵਿੱਚ ਵਸਦੇ ਕਸਬਾ ਬਲੌਂਗੀ ਦੇ ਸਾਬਕਾ ਪੰਚ ਹਰਿੰਦਰ ਸਿੰਘ, ਮਿਲਾਪ ਚੰਦ ਸ਼ਰਮਾ, ਸ੍ਰੀ ਰਾਮ ਸਿੰਘ, ਸੁਮਿਤਰਾ ਪਟੇਲ, ਆਸ਼ਾ ਰਾਣੀ, ਜਸਪਾਲ ਸਿੰਘ, ਓਮਾ ਸੰਕਟ, ਕਸ਼ਮੀਰੀ ਲਾਲ ਚੌਹਾਨ ਅਤੇ ਸੀਸਪਾਲ ਨੇ ਕਿਹਾ ਕਿ ਬਲੌਂਗੀ ਪਿੰਡ ਅਤੇ ਕਲੋਨੀਆਂ ਦੇ ਵਸਨੀਕ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਕਾਫ਼ੀ ਪ੍ਰੇਸ਼ਾਨ। ਬੱਤੀ ਗੁੱਲ ਹੋਣ ’ਤੇ ਜਦੋਂ ਉਹ ਪਾਵਰਕੌਮ ਦੇ ਸਬੰਧਤ ਅਧਿਕਾਰੀਆਂ ਅਤੇ ਫੀਲਡ ਕਰਮਚਾਰੀਆਂ ਨੂੰ ਆਪਣੀ ਸਮੱਸਿਆ ਦੱਸਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ। ਇਹੀ ਨਹੀਂ ਕਈ ਵਾਰ ਤਾਂ ਅਧਿਕਾਰੀ ਅਤੇ ਕਰਮਚਾਰੀ ਇਹ ਗੱਲ ਕਹਿ ਕੇ ਆਪਣਾ ਪੱਲਾ ਝਾੜ ਲੈਂਦੇ ਹਨ ਕਿ ਉਨ੍ਹਾਂ ਨੂੰ ਖ਼ੁਦ ਪਤਾ ਨਹੀਂ ਕਦੋਂ ਬਿਜਲੀ ਬਹਾਲ ਹੋਵੇਗੀ। ਪੀੜਤ ਲੋਕਾਂ ਨੇ ਦੱਸਿਆ ਕਿ ਹਾਲਾਂਕਿ ਉਹ ਕਾਫ਼ੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ ਪ੍ਰੰਤੂ ਪਿਛਲੇ ਕਾਫ਼ੀ ਦਿਨਾਂ ਤੋਂ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਬੱਤ ਗੁੱਲ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਸਾਬਕਾ ਬਲਾਕ ਸਮਿਤੀ ਮੈਂਬਰ ਅਤੇ ਲੋਹੇ ਦਾ ਕੰਮ ਕਰਨ ਵਾਲੇ ਸੁਖਦਰਸ਼ਨ ਸਿੰਘ ਕਾਕਾ ਨੇ ਦੱਸਿਆ ਕਿ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਉਸ ਦਾ ਕਾਰੋਬਾਰ ਵੀ ਬੰਦ ਹੋਣ ਦੀ ਕਾਗਾਰ ’ਤੇ ਪਹੁੰਚ ਗਿਆ ਹੈ। ਗਾਹਕ ਸਮੇਂ ਸਿਰ ਗੇਟ ਤੇ ਗਰਿੱਲਾਂ ਮੰਗਦਾ ਹੈ ਪ੍ਰੰਤੂ ਬਿਜਲੀ ਨਾ ਆਉਣ ਕਾਰਨ ਕਾਰੀਗਰ ਵੀ ਬਹਿਲੇ ਬੈਠ ਕੇ ਘਰ ਨੂੰ ਮੁੜ ਜਾਂਦੇ ਹਨ। ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਝੋਨੇ ਦੀ ਪਨੀਰੀ ਅਤੇ ਹਰਾ ਚਾਰਾ ਵੀ ਸੁੱਕਦਾ ਜਾ ਰਿਹਾ ਹੈ। ਸਮੇਂ ਸਿਰ ਪਨੀਰੀ ਤਿਆਰ ਨਾ ਹੋਣ ਕਾਰਨ ਜਿੱਥੇ ਝੋਨੇ ਦੀ ਲੁਆਈ ਪਛੜ ਸਕਦੀ ਹੈ, ਉੱਥੇ ਹਰਾ ਚਾਰਾ ਨਾ ਮਿਲਣ ਕਾਰਨ ਦੁੱਧ ਉਤਪਾਦਨ ਲਗਾਤਾਰ ਘੱਟਦਾ ਜਾ ਰਿਹਾ ਹੈ।
ਉਧਰ, ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪਾਵਰਕੌਮ ਸਰਕਲ ਮੁਹਾਲੀ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਬਿਜਲੀ ਦੇ ਅਣਐਲਾਨੇ ਕੱਟ ਲਗਾਉਣੇ ਬੰਦ ਕਰਨ ਅਤੇ ਇਲਾਕੇ ਵਿੱਚ ਬਿਜਲੀ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੁਕਸ ਕਾਰਨ ਬਿਜਲੀ ਚਲੀ ਜਾਂਦੀ ਹੈ ਜਾਂ ਕੱਟ ਲੱਗਦਾ ਹੈ ਖਪਤਕਾਰ ਸ਼ਿਕਾਇਤ ਘਰ ਵਿੱਚ ਫੋਨ ਕਰਦੇ ਹਨ ਤਾਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ। ਬੇਦੀ ਨੇ ਕਿਹਾ ਕਿ ਪਾਵਰਕੌਮ ਦੇ ਸ਼ਿਕਾਇਤ ਨੰਬਰ 1912 ਤਾਂ ਲਗਾਤਾਰ ਬੰਦ ਆਉਂਦਾ ਹੈ, ਜਿਵੇਂ ਇਹ ਫੋਨ ਕੱਟਿਆ ਜਾ ਚੁੱਕਾ ਹੈ ਜਾਂ ਕੰਮ ਨਹੀਂ ਕਰਦਾ ਅਤੇ ਲੋਕਲ ਕੰਪਲੇਂਟ ਨੰਬਰ ਵਾਲਾ ਫੋਨ ਕੋਈ ਚੁੱਕਦਾ ਨਹੀਂ। ਜੇ ਕੋਈ ਫੋਨ ਚੁੱਕ ਵੀ ਲੈਂਦਾ ਹੈ ਤਾਂ ਅੱਗੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ। ਡਿਪਟੀ ਮੇਅਰ ਨੇ ਕਿਹਾ ਕਿ ਅੱਤ ਗਰਮੀ ਵਿੱਚ ਦਿਨ ਤੇ ਰਾਤ ਸਮੇਂ ਲੱਗ ਰਹੇ ਅਣਐਲਾਨੇ ਕੱਟਾਂ ਨੇ ਲੋਕਾਂ ਦੀ ਜ਼ਿੰਦਗੀ ਦੁੱਭਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਪੁਰਾਣੀਆਂ ਤਾਰਾਂ ਨੂੰ ਬਦਲਿਆ ਜਾਵੇ ਅਤੇ ਜਿੱਥੇ ਨਵੇਂ ਟਰਾਂਸਫ਼ਾਰਮਰ ਦੀ ਲੋੜ ਹੈ, ਉੱਥੇ ਨਵੇਂ ਟਰਾਂਸਫ਼ਾਰਮਰ ਲਗਾਏ ਜਾਣ।
ਉਧਰ, ਪਾਵਰਕੌਮ ਦੇ ਜੂਨੀਅਰ ਇੰਜੀਨੀਅਰ (ਜੇਈ) ਕੁਨਾਲ ਸ਼ਰਮਾ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਦੇ ਚੱਲਦਿਆਂ ਇਹ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਸਬਾ ਬਲੌਂਗੀ ਵਿੱਚ 50 ਹਜ਼ਾਰ ਤੋਂ ਵੱਧ ਆਬਾਦੀ ਹੋ ਗਈ ਹੈ। ਇਸ ਤੋਂ ਇਲਾਵਾ ਦਰਜਨਾਂ ਨੇੜਲੇ ਪਿੰਡਾਂ ਲਈ ਸਿਰਫ਼ ਇੱਕ ਹੀ ਸ਼ਿਕਾਇਤ ਕੇਂਦਰ ਹੈ। ਸਟਾਫ਼ ਦੀ ਵੀ ਵੱਡੀ ਘਾਟ ਹੈ। ਜਿਸ ਕਾਰਨ ਕਈ ਵਾਰ ਸ਼ਿਕਾਇਤ ਕੇਂਦਰ ਵਿੱਚ ਫੋਨ ਨਾ ਚੁੱਕਣ ਦੀ ਸਮੱਸਿਆ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਇੱਕ ਤਾਂ ਗਰਮੀ ਦਾ ਕਹਿਰ, ਦੂਜਾ ਲੋਡ ਜ਼ਿਆਦਾ ਵੱਧ ਜਾਣ ਕਾਰਨ ਬੱਤੀ ਗੁੱਲ ਹੋ ਜਾਂਦੀ ਹੈ। ਵੈਸੇ ਵੀ ਜੇਕਰ ਕਿਸੇ ਇੱਕ ਥਾਂ ਕੋਈ ਨੁਕਸ ਪੈ ਜਾਵੇ ਤਾਂ ਉਸ ਨੂੰ ਠੀਕ ਕਰਨ ਲਈ ਪੂਰੀ ਲਾਈਨ ਬੰਦ ਕਰਨੀ ਪੈਂਦੀ ਹੈ। ਸਬ ਸਟੇਸ਼ਨ ਅਟੈਂਡੈਂਟ ਨੇ ਕਿਹਾ ਕਿ ਦਫ਼ਤਰ ਵੱਲੋਂ ਕੋਈ ਪਾਵਰ ਕੱਟ ਲਾਉਣ ਦੇ ਹੁਕਮ ਨਹੀਂ ਹਨ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਸਬੰਧਤ ਫੀਲਡ ਜੇਈ ਨੂੰ ਭੇਜਿਆ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 11 ਫਰ…