ਸਹਾਇਕ ਧੰਦਿਆਂ ਨਾਲ ਜੁੜੇ ਨੌਜਵਾਨਾਂ ਤੇ ਦੁੱਧ ਉਤਪਾਦਕਾਂ ਵੱਲੋਂ ਮੁਹਾਲੀ ਵੇਰਕਾ ਮਿਲਕ ਪਲਾਂਟ ਦਾ ਘਿਰਾਓ

ਵੇਰਕਾ ਮਿਲਕ ਪਲਾਂਟ ਅੱਗੇ ਅਣਮਿਥੇ ਸਮੇਂ ਲਈ ਲੜੀਵਾਰ ਧਰਨਾ ਸ਼ੁਰੂ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਵੇਰਕਾ ਮਿਲਕ ਪਲਾਂਟ ਮੁਹਾਲੀ ਵੱਲੋਂ ਪਿੰਡਾਂ ਦੀਆਂ ਦੁੱਧ ਉਤਪਾਦਕ ਸੁਸਾਇਟੀਆਂ ਦਾ ਸਾਰਾ ਕਾਰੋਬਾਰ ਆਨਲਾਈਨ ਕਰਨ ਦੇ ਫੈਸਲੇ ਖ਼ਿਲਾਫ਼ ਵੀਰਵਾਰ ਨੂੰ ਦੂਨ ਨੌਜਵਾਨ ਸਭਾ ਅਤੇ ਪੰਜਾਬ ਰਾਜ ਦੁੱਧ ਉਤਪਾਦਕ ਸੇਵਾਵਾਂ ਸਕੱਤਰ ਯੂਨੀਅਨ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਘਿਰਾਓ ਕਰਕੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦੂਨ ਨੌਜਵਾਨ ਸਭਾ ਦੇ ਆਗੂ ਜਗਮਨਦੀਪ ਸਿੰਘ ਅਤੇ ਪ੍ਰਧਾਨ ਜਸਵਿੰਦਰ ਸਿੰਘ ਗੜੀ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਮੁਹਾਲੀ ਵੱਲੋਂ ਪਿੰਡਾਂ ਦੀਆਂ ਦੁੱਧ ਉਤਪਾਦਕ ਸੁਸਾਇਟੀਆਂ ਦਾ ਸਾਰਾ ਕਾਰੋਬਾਰ ਆਨਲਾਈਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਦੁੱਧ ਉਤਪਾਦਕਾਂ ਉੱਤੇ ਬੇਲੋੜੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸ਼ਰਤਾਂ ਅਨੁਸਾਰ ਗਾਵਾਂ ਦੇ ਦੁੱਧ ਦੀ ਫੈਟ 3.3 ਤੋਂ ਲੈ ਕੇ 4.5 ਤੱਕ ਅਤੇ ਐਸਐਨਐਫ਼ ਦਾ ਪੱਧਰ 8 ਤੋਂ 8.7 ਤੱਕ ਲਾਜ਼ਮੀ ਕੀਤਾ ਜਾ ਰਿਹਾ ਹੈ। ਇੰਝ ਹੀ ਮੱਝਾਂ ਦੇ ਦੁੱਧ ਦੀ ਫੈਟ 5.5 ਤੋਂ ਲੈ ਕੇ 10 ਅਤੇ ਐਸਐਨਐਫ਼ 8.7 ਤੋਂ 9.5 ਵਿਚਕਾਰ ਹੋਣੀ ਚਾਹੀਦੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵੇਰਕਾ ਪਲਾਂਟ ਦੀਆਂ ਤਾਜ਼ਾ ਹਦਾਇਤਾਂ ਅਨੁਸਾਰ ਜੋ ਦੁੱਧ ਇਸ ਮਾਪਦੰਡ ਅਧੀਨ ਨਹੀਂ ਆਉਂਦਾ, ਉਸ ਨੂੰ ਨਹੀਂ ਖਰੀਦਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਮਾਪਦੰਡ ਲੋਕਾਂ ਉੱਤੇ ਜਬਰੀ ਥੋਪਿਆ ਜਾਂਦਾ ਹੈ ਤਾਂ ਮੁਹਾਲੀ ਅਤੇ ਰੂਪਨਗਰ ਦੇ ਪਿੰਡਾਂ ਦਾ 70 ਫੀਸਦੀ ਦੁੱਧ ਇਸ ਘੇਰੇ ਵਿੱਚ ਨਹੀਂ ਆਵੇਗਾ ਕਿਉਂਕਿ ਪੰਜਾਬ ਵਿੱਚ ਵੇਰਕਾ ਪਲਾਂਟ ਦੇ ਕਹਿਣ ’ਤੇ ਲੋਕਾਂ ਨੇ ਐਚਐਫ਼ ਨਸਲ ਦੀਆਂ ਗਾਵਾਂ ਖਰੀਦੀਆਂ। ਇਨ੍ਹਾਂ ਗਾਵਾਂ ਦਾ ਦੁੱਧ ਵੱਧ ਹੋਣ ਕਰਕੇ ਫੈਟ ਤੇ ਐਸਐਨਐਫ਼ ਘੱਟ ਹੈ। ਪੇਂਡੂ ਖੇਤਰ ਵਿੱਚ ਦੁੱਧ ਦਾ ਕਾਰੋਬਾਰ ਲੋਕਾਂ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ। ਜੇਕਰ ਲੋਕਾਂ ਨੂੰ ਦੁੱਧ ਦੇ ਕਾਰੋਬਾਰ ’ਚੋਂ ਬਾਹਰ ਕੀਤਾ ਗਿਆ ਤਾਂ ਪੂਰਾ ਇਲਾਕਾ ਗੰਭੀਰ ਆਰਥਿਕ ਸੰਕਟ ਦੀ ਮਾਰ ਹੇਠ ਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਵੇਰਕਾ ਦੀਆਂ ਸੁਸਾਇਟੀਆਂ ਦਾ ਆਨਲਾਈਨ ਕਾਰੋਬਾਰ ਬੰਦ ਕੀਤਾ ਜਾਵੇ। ਹਿਮਾਚਲ ਅਤੇ ਪੰਜਾਬ ਦੀਆਂ ਦੁੱਧ ਉਤਪਾਦਕ ਸੁਸਾਇਟੀਆਂ ਦੇ ਰੇਟ ਵਿੱਚ ਵਾਧਾ ਕੀਤਾ ਜਾਵੇ ਅਤੇ ਪਸ਼ੂ ਦੀ ਅਚਨਚੇਤ ਮੌਤ ’ਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੇਰਕਾ ਮਿਲਕ ਪਲਾਂਟ ਅੱਗੇ ਅਣਮਿਥੇ ਸਮੇਂ ਲਈ ਲੜੀਵਾਰ ਧਰਨਾ ਲਾਇਆ ਜਾਵੇਗਾ ਅਤੇ ਵੇਰਕਾ ਪਲਾਂਟ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਭੇਜੀਆਂ ਜਾਂਦੀਆਂ ਦੁੱਧ ਵੇਚਣ ਵਾਲੀਆਂ ਗੱਡੀਆਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਵਿੱਕੀ ਧਮਾਣਾ, ਰਿੰਕੂ ਧਮਾਣਾ, ਬੀਰ ਸਿੰਘ ਬੜਵਾ, ਸਤਵੀਰ ਨਲਹੋਟੀ, ਦਰਸ਼ਨ ਸਿੰਘ ਟਾਹਲੀਆਂ, ਹਰਬੰਸ ਸਿੰਘ ਖੈਰਾਬਾਦ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੇਸ਼ ਸਿੰਘ ਢੇਸੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਰਣਬੀਰ ਰੰਧਾਵਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…