
ਮੁਹਾਲੀ ਨੂੰ ਦਸਹਿਰਾ ਗਰਾਉਂਡ ਲਈ ਢੁਕਵੀਂ ਜ਼ਮੀਨ ਅਲਾਟ ਕੀਤੀ ਜਾਵੇਗੀ: ਭਗਵੰਤ ਮਾਨ
‘‘ਮੁਹਾਲੀ ਮੇਰੇ ਲਈ ਬੇਗਾਨਾ ਨਹੀਂ, ਕੋਨੇ ਕੋਨੇ ਤੋਂ ਵਾਕਿਫ਼ ਹਾਂ:’’ ਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਆਸ-ਪਾਸ ਪਿੰਡਾਂ ਵਿੱਚ ਅੱਜ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਇਸ ਵਾਰ ਬਾਜ਼ਾਰਾਂ ਵਿੱਚ ਪਹਿਲਾਂ ਨਾਲੋਂ ਵਧੇਰੇ ਰੌਣਕ ਦੇਖਣ ਨੂੰ ਮਿਲੀ ਜਦੋਂਕਿ ਪਹਿਲਾਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਿਹਤ ਵਿਭਾਗ ਦੀਆਂ ਪਾਬੰਦੀਆਂ ਕਾਰਨ ਦਸਹਿਰਾ ਅਤੇ ਬਾਜ਼ਾਰਾਂ ਦੀ ਰੌਣਕ ਫਿੱਕੀ ਰਹਿੰਦੀ ਸੀ। ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਵਿਧਾਇਕ ਕੁਲਵੰਤ ਸਿੰਘ ਨੇ ਕੀਤੀ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਮੁਹਾਲੀ ਮੇਰੇ ਲਈ ਬੇਗਾਨਾ ਨਹੀਂ ਹੈ, ਮੈਂ ਕੋਨੇ ਕੋਨੇ ਤੋਂ ਵਾਕਿਫ਼ ਹਾਂ।’ ਉਨ੍ਹਾਂ ਦਸਹਿਰਾ ਕਮੇਟੀ ਦੀ ਮੰਗ ’ਤੇ ਕਿਹਾ ਕਿ ਮੈਨੂੰ ਭਲੀਭਾਂਤ ਪਤਾ ਸੀ ਕਿ ਦਸਹਿਰਾ ਗਰਾਉਂਡ ਲਈ ਮੰਗ ਉੱਠੇਗੀ ਅਤੇ ‘ਮੈਂ ਖ਼ੁਦ ਵੀ ਚਾਹੁੰਦਾ ਹਾਂ ਕਿ ਕਮੇਟੀ ਨੂੰ ਦਸਹਿਰਾ ਮਨਾਉਣ ਲਈ ਢੁਕਵੀਂ ਜਗ੍ਹਾ ਮੁਹੱਈਆ ਕਰਵਾਈ ਜਾਵੇ। ਕਿਉਂਕਿ ਪਿਛਲੇ ਕੁੱਝ ਸਾਲਾਂ ਤੋਂ ਦਸਹਿਰਾ ਕਮੇਟੀ ਨੂੰ ਹਰ ਵਾਰੀ ਇਹ ਦੱਸਣਾ ਪੈਂਦਾ ਹੈ ਕਿ ਇਸ ਵਾਰ ਦਸਹਿਰਾ ਜਿੱਥੇ ਮਨਾਇਆ ਜਾਣਾ ਕਿਉਂਜੋ ਪਿਛਲੀ ਸਰਕਾਰ ਸਮੇਂ ਹੁਕਮਰਾਨਾਂ ਨੇ ਗਮਾਡਾ ਰਾਹੀਂ ਦਸਹਿਰਾ ਗਰਾਉਂਡ ਵਾਲੀ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤੀ ਹੈ।
ਮੁੱਖ ਮੰਤਰੀ ਨੇ ਮੰਚ ਤੋਂ ਐਲਾਨ ਕੀਤਾ ਕਿ ਅੱਜ ਜਿਸ ਜਗ੍ਹਾ ’ਤੇ ਦਸਹਿਰਾ ਮਨਾਇਆ ਜਾ ਰਿਹਾ ਹੈ। ਇਹੀ ਥਾਂ ਦਸਹਿਰਾ ਕਮੇਟੀ ਨੂੰ ਪੱਕੇ ਤੌਰ ’ਤੇ ਅਲਾਟ ਕੀਤੀ ਜਾਵੇਗੀ ਅਤੇ ਇਸ ਸਬੰਧੀ ਅਗਲੇ ਦਿਨਾਂ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਐਨਓਸੀ ਅਤੇ ਪ੍ਰਵਾਨਗੀਆਂ ਲੈਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੀ ਸੰਸਥਾ ਵੱਲੋਂ ਸਰਕਾਰ ਨੂੰ ਮੰਗ ਪੱਤਰ ਭੇਜ ਦੇਣ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਹਾਲੇ ਵੀ ਬਹੁਤ ਬੁਰਾਈਆਂ ਮੌਜੂਦ ਹਨ। ਪਹਿਲਾਂ ਲੜਕੀ ਨੂੰ ਕੁੱਖ ਵਿੱਚ ਹੀ ਕਤਲ ਕਰ ਦਿੱਤਾ ਸੀ ਪਰ ਹੁਣ ਆਪ ਸਰਕਾਰ ਦੀ ਸਖ਼ਤੀ ਕਾਰਨ ਲਿੰਗ ਅਨੁਪਾਤ ਵਿੱਚ ਸੁਧਾਰ ਆਇਆ ਹੈ ਲੇਕਿਨ ਹਾਲੇ ਵੀ ਦਹੇਜ ਕਾਰਨ ਕੁੜੀਆਂ ਨੂੰ ਕਾਫ਼ੀ ਕੁੱਝ ਸਹਿਣਾ ਪੈਂਦਾ ਹੈ। ਇੰਜ ਹੀ ਮਹਿੰਗਾਈ, ਬੇਰੁਜ਼ਗਾਰੀ ਵੀ ਵੱਡੀ ਸਮੱਸਿਆ ਹੈ। ਇਹ ਸਾਰੀਆਂ ਬੁਰਾਈਆਂ ਖ਼ਤਮ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ।
ਭਗਵੰਤ ਮਾਨ ਨੇ ਕਿਹਾ ਕਿ ਭਾਰਤ ਵੱਖਵੱਖ ਧਰਮਾਂ ਅਤੇ ਵਰਗਾਂ ਦਾ ਖੂਬਸੂਰਤ ਗੁਲਦਸਤਾ ਹੈ, ਇਸ ਨੂੰ ਮਹਿਕਦਾ ਰੱਖਣ ਲਈ ਸਾਡੀ ਸਾਰੀਆਂ ਦੀ ਬਰਾਬਰ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਏਕਤਾ ਦਾ ਪ੍ਰਤੀਕ ਹਨ ਅਤੇ ਮਨੁੱਖਤਾ ਨੂੰ ਆਪਸੀ ਭਾਈਚਾਰਕ ਸਾਂਠ ਬਣਾਈ ਰੱਖਣ ਅਤੇ ਭਲਾਈ ਦਾ ਸੁਨੇਹਾ ਦਿੰਦੇ ਹਨ।
ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਦਸਹਿਰੇ ਦੀ ਵਧਾਈ ਦਿੰਦਿਆਂ ਹਮੇਸ਼ਾ ਸਚਾਈ ਦੇ ਰਾਹ ’ਤੇ ਚੱਲਣ ਲਈ ਪ੍ਰੇਰਦਿਆਂ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਡਟਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਸਹਿਰੇ ਮੌਕੇ ਰਾਵਨ ਦੇ ਪੁਤਲੇ ਸਾੜਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਹੈ, ਬਲਕਿ ਮਨੁੱਖ ਨੂੰ ਆਪਣੇ ਅੰਦਰਲੇ ਰਾਵਣ ਨੂੰ ਵੀ ਮਾਰਨਾ ਚਾਹੀਦਾ ਹੈ। ਦਸਹਿਰਾ ਕਮੇਟੀ ਦੇ ਪ੍ਰਧਾਨ ਮਧੂ ਭੂਸ਼ਣ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਏਡੀਸੀ ਅਮਨਿੰਦਰ ਕੌਰ ਬਰਾੜ, ਕਮਿਸ਼ਨਰ ਨਵਜੋਤ ਕੌਰ, ਸਨਅਤਕਾਰ ਅਨੁਰਾਗ ਅਗਰਵਾਲ, ਆਪ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਕੈਰੋਂ, ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ, ਕੌਂਸਲਰ ਪਰਮਜੀਤ ਸਿੰਘ ਹੈਪੀ, ਸਾਬਕਾ ਕੌਂਸਲਰ ਅਰੁਣ ਸ਼ਰਮਾ ਸਮੇਤ ਸ਼ਹਿਰ ਦੇ ਪਤਵੰਤੇ ਮੌਜੂਦ ਸਨ।