
ਮੁਹਾਲੀ ਨੂੰ ਟਰਾਈਸਿਟੀ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾਇਆ ਜਾਵੇਗਾ: ਡਾ. ਰਵਜੋਤ ਸਿੰਘ
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਨਗਰ ਨਿਗਮ ਦਫ਼ਤਰ ਵਿੱਚ ਕੀਤੀਆਂ ਅਧਿਕਾਰੀਆਂ ਨਾਲ ਮੀਟਿੰਗ
ਸ਼ਹਿਰ ਦੀਆਂ ਮੁਸ਼ਕਲਾਂ ਦੇ ਹੱਲ ਲਈ ਨਗਰ ਨਿਗਮ ਤੇ ਗਮਾਡਾ ਅਫ਼ਸਰਾਂ ਨਾਲ ਜਲਦੀ ਉੱਚ ਪੱਧਰੀ ਮੀਟਿੰਗ ਕਰਾਂਗੇ: ਮੰਤਰੀ
ਨਬਜ਼-ਏ-ਪੰਜਾਬ, ਮੁਹਾਲੀ, 28 ਅਪਰੈਲ:
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਮੁਹਾਲੀ ਦਾ ਦੌਰਾ ਕਰਕੇ ‘ਆਪ’ ਸਰਕਾਰ ਵੱਲੋਂ ਆਮ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸ਼ਹਿਰੀ ਸਹੂਲਤਾਂ ਅਤੇ ਸ਼ਹਿਰ ਨਾਲ ਸਬੰਧਤ ਸਮੱਸਿਆਵਾਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨਗਰ ਨਿਗਮ ਭਵਨ ਵਿਖੇ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਅਤੇ ਲੋਕਪੱਖੀ ਨੀਤੀਆਂ ਤਹਿਤ ਮੁਹਾਲੀ ਨੂੰ ਟਰਾਈਸਿਟੀ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾਇਆ ਜਾਵੇਗਾ। ਇਸ ਸਬੰਧੀ ਨਿਗਮ ਨੂੰ ਦਰਪੇਸ਼ ਮੁਸ਼ਕਲਾਂ ਦਾ ਪਤਾ ਲਗਾ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।
ਮੰਤਰੀ ਅਨੁਸਾਰ ਗਮਾਡਾ ਅਤੇ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਕੰਟਰੋਲ ਕੀਤਾ ਜਾਂਦਾ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦੋਵਾਂ ਵਿਭਾਗਾਂ ਨਾਲ ਸਬੰਧਤ ਹਨ। ਇਸ ਦੇ ਹੱਲ ਲਈ ਜਲਦੀ ਹੀ ਦੋਵੇਂ ਅਦਾਰਿਆਂ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਸੱਦ ਕੇ ਮੁਸ਼ਕਲਾਂ ’ਤੇ ਵਿਚਾਰ ਕੀਤਾ ਜਾਵੇਗਾ। ਮੰਤਰੀ ਨੇ ਮੌਕੇ ’ਤੇ ਹੀ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਤੋਂ ਨਗਰ ਨਿਗਮ ਦੀ ਆਮਦਨੀ, ਸਫ਼ਾਈ ਵਿਵਸਥਾ, ਪਾਣੀ ਦਾ ਪ੍ਰਬੰਧ, ਪ੍ਰਾਪਰਟੀ ਟੈਕਸ, ਨਕਸ਼ਾ ਫੀਸ, ਮੁਹਾਲੀ ਵਿੱਚ ਸ਼ਾਮਲ ਪਿੰਡਾਂ ਦੀਆਂ ਉਸਾਰੀਆਂ ਬਾਰੇ ਜਾਣਕਾਰੀ ਲਈ।
ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਮੰਤਰੀ ਨੂੰ ਦੱਸਿਆ ਕਿ ਮੁਹਾਲੀ ਵਿੱਚ ਤੇਜ਼ੀ ਨਾਲ ਆ ਰਹੇ ਹਾਊਸਿੰਗ ਪ੍ਰਾਜੈਕਟਾਂ ਦੇ ਮੱਦੇਨਜ਼ਰ ਸ਼ਹਿਰ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ ਅਤੇ ਸਹੂਲਤਾਂ ਘੱਟ ਪੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਉਪਰੰਤ ਮੰਤਰੀ ਡਾ. ਰਵਜੋਤ ਸਿੰਘ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਤੇ ਹੋਰਨਾਂ ਆਗੂਆਂ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਵੀ ਕੀਤਾ। ਉਨਾਂ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਮੁਹਾਲੀ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ, ਜਿਨ੍ਹਾਂ ਵਿੱਚ ਟਰੈਫ਼ਿਕ ਦੀ ਸਭ ਤੋਂ ਵੱਡੀ ਸਮੱਸਿਆ ਹੈ, ਦੇ ਹੱਲ ਲਈ ਜਲਦ ਹੀ ਚੰਡੀਗੜ੍ਹ ਵਿਖੇ ਨਗਰ ਨਿਗਮ ਅਤੇ ਗਮਾਡਾ ਦੀ ਸਾਂਝੀ ਮੀਟਿੰਗ ਕਰਕੇ ਵਿਸ਼ੇਸ਼ ਰਣਨੀਤੀ ਉਲੀਕਣਗੇ ਤਾਂ ਜੋ ਮੁਹਾਲੀ ਨੂੰ ਪੰਜਾਬ ਦੇ ਸਭ ਤੋਂ ਸੋਹਣੇ ਸ਼ਹਿਰ ਵਜੋਂ ਉਭਾਰਿਆ ਜਾ ਸਕੇ। ਉਨ੍ਹਾਂ ਨੇ ਮੌਲੀ ਬੈਦਵਾਨ ਅਤੇ ਫੇਜ਼-11 ਦੇ ਆਰਐਮਸੀ ਪੁਆਇੰਟ, ਮਟੌਰ ਦਾ ਗਾਰਬੇਜ ਵਲਨਰੇਬਲ ਪੁਆਇੰਟ, ਬਾਵਾ ਵਾਈਟ ਹਾਊਸ ਤੋਂ ਫੇਜ਼-7 ਤੱਕ ਚੌੜੀ ਕੀਤੀ ਜਾ ਰਹੀ ਸੜਕ ਅਤੇ ਸਿੱਖਿਆ ਬੋਰਡ ਦੇ ਪਿਛਲੇ ਪਾਸੇ ਪੈਂਦੇ ਨੇਚਰ ਪਾਰਕ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਆਹਲੂਵਾਲੀਆ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਮਾਰਕੀਟ ਕਮੇਟੀ ਦੇ ਚੇਅਰਮੈਨ ਗੋਵਿੰਦਰ ਮਿੱਤਲ, ਅਸਿਸਟੈਂਟ ਕਮਿਸ਼ਨਰ ਰਣਜੀਵ ਚੌਧਰੀ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ, ‘ਆਪ’ ਵਲੰਟੀਅਰ ਰਾਜੀਵ ਵਸ਼ਿਸ਼ਟ, ਨਗਰ ਨਿਗਮ ਦੀਆਂ ਸਮੂਹ ਬਰਾਂਚਾਂ ਦੇ ਅਧਿਕਾਰੀ ਮੌਜੂਦ ਸਨ।