
ਤਹਿਸੀਲ ਦਫ਼ਤਰਾਂ ਵਿੱਚ ਮਹੱਤਵਪੂਰਨ ਢਾਂਚਾਗਤ ਤੇ ਹੋਰ ਸੁਧਾਰਾਂ ਨਾਲ ਸੂਬੇ ਦੀ ਅਗਵਾਈ ਕਰੇਗਾ ‘ਮੁਹਾਲੀ’: ਅਨੁਰਾਗ ਵਰਮਾ
ਵਧੀਕ ਮੁੱਖ ਸਕੱਤਰ ਨੇ ਮੁਹਾਲੀ ਤਹਿਸੀਲ ਸਮੇਤ ਹੋਰਨਾਂ ਸਬ ਰਜਿਸਟਰਾਰ ਅਤੇ ਸੰਯੁਕਤ ਸਬ ਰਜਿਸਟਰਾਰ ਦਫ਼ਤਰਾਂ ਦਾ ਦੌਰਾ ਕੀਤਾ
ਆਮ ਲੋਕਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਕੇ ਪ੍ਰਸ਼ਾਸਕੀ ਕੰਮਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਹਨ ਵੱਡੇ ਸੁਧਾਰ
ਡਿਜੀਟਲ ਫ਼ਰਦਾਂ ਬਿਨੈਕਾਰਾਂ ਦੇ ਵਟਸਐਪ ’ਤੇ ਘਰ ਬੈਠੇ ਮਿਲਣਗੀਆਂ, ਇੰਤਕਾਲ ਤੇ ਮਾਲ ਰਪਟਾਂ ਵੀ ਆਨਲਾਈਨ ਹੋਣਗੀਆਂ ਦਰਜ
ਨਬਜ਼-ਏ-ਪੰਜਾਬ, ਮੁਹਾਲੀ, 24 ਮਾਰਚ:
ਪੰਜਾਬ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ) ਅਨੁਰਾਗ ਵਰਮਾ ਨੇ ਮੁਹਾਲੀ ਤਹਿਸੀਲ ਦਾ ਦੌਰਾ ਕਰਕੇ ਅਧਿਕਾਰੀਆਂ ਵੱਲੋਂ ਆਮ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਪ੍ਰਸ਼ਾਸਨਿਕ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਰਜਿਸਟਰੀਆਂ ਅਤੇ ਮਾਲ ਵਿਭਾਗ ਨਾਲ ਸਬੰਧਤ ਹੋਰ ਕੰਮਾਂ ਵਿੱਚ ਸੌਖ ਦੇਣ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਨੂੰ ਲਾਗੂ ਕਰ ਕੇ ਪੰਜਾਬ ਦੀ ਅਗਵਾਈ ਕਰਨ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਸਬ-ਰਜਿਸਟਰਾਰ ਦਫ਼ਤਰ ਦੇ ਦੌਰੇ ਮੌਕੇ ਅਨੁਰਾਗ ਵਰਮਾ ਨੇ ਕਿਹਾ ਕਿ ਇਹ ਪ੍ਰਾਜੈਕਟ ਪੰਜਾਬ ਭਰ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਮੁਹਾਲੀ ਜ਼ਿਲ੍ਹੇ ਵਿੱਚ ਪਾਇਲਟ (ਤਜਰਬੇ) ਆਧਾਰ ’ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਰਾਜ ਵਿੱਚ ਮਾਲੀਆ ਕਾਰਜਾਂ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਇਛੁੱਕ ਹਨ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ। ਇਸ ਮੌਕੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਸੋਨਾਲੀ ਗਿਰ, ਡੀਸੀ ਮੁਹਾਲੀ ਸ੍ਰੀਮਤੀ ਕੋਮਲ ਮਿੱਤਲ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਅਨੁਰਾਗ ਵਰਮਾ ਨੇ ਕਿਹਾ ਕਿ ਜਲਦੀ ਹੀ ਸੂਬਾ ਸਰਕਾਰ ਬਿਨੈਕਾਰਾਂ ਦੇ ਵਟਸਐਪ ’ਤੇ ਡਿਜੀਟਲ ਤਸਦੀਕਸ਼ੁਦਾ ਫਰਦ ਭੇਜਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਵੈੱਬਸਾਈਟ ’ਤੇ ਐਪਲੀਕੇਸ਼ਨ ਦਾ ਬੀਟਾ ਵਰਜ਼ਨ ਲਾਂਚ ਕੀਤਾ ਗਿਆ ਹੈ, ਜਿੱਥੇ ਕੋਈ ਵੀ ਵਿਅਕਤੀ ਆਨਲਾਈਨ ਫੀਸ ਅਦਾ ਕਰਨ ਤੋਂ ਬਾਅਦ ਡਿਜੀਟਲ ਦਸਖ਼ਤ ਕੀਤੀ ਫ਼ਰਦ ਲਈ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਜ ਅੌਸਤਨ ਸਾਲ ਵਿੱਚ 40 ਲੱਖ ਫ਼ਰਦ ਤਿਆਰ ਕਰਦਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਸ ਡਿਜੀਟਲੀ ਦਸਖ਼ਤ ਕੀਤੇ ਫ਼ਰਦ ਸਿਸਟਮ ਦੇ ਰਸਮੀ ਲਾਂਚ ਤੋਂ ਬਾਅਦ, ਜ਼ਿਆਦਾਤਰ ਲੋਕ ਫ਼ਰਦ ਪ੍ਰਾਪਤ ਕਰਨ ਲਈ ਫ਼ਰਦ ਕੇਂਦਰਾਂ ਵਿੱਚ ਜਾਣ ਦੇ ਚੱਕਰ ਤੋਂ ਬਚਣਗੇ ਅਤੇ ਇਹ ਫ਼ਰਦ ਤਿਆਰ ਕਰਨ ਦੇ ਕੰਮ ਨੂੰ ਤੇਜ਼ ਕਰਨ ਵਿੱਚ ਵੀ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਫ਼ਰਦ ਦੀ ਅਸਲ/ਨਕਲ ਦਾ ਪਤਾ ਲਗਾਉਣ ਲਈ ਡਿਜੀਟਲ ਦਸਖ਼ਤ ਕੀਤੀ ਫ਼ਰਦ ’ਤੇ ਇੱਕ ਕਿਊਆਰ ਕੋਡ ਵੀ ਉਪਲਬਧ ਹੋਵੇਗਾ।
ਇਸ ਤੋਂ ਇਲਾਵਾ, ਇੰਤਕਾਲ ਅਤੇ ਮਾਲ ਰਪਟ ਨੂੰ ਦਰਜ ਕਰਨ ਲਈ ਆਨਲਾਈਨ ਮੋਡੀਊਲ ਵੀ ਮਾਲ ਵਿਭਾਗ ਦੀ ਵੈੱਬਸਾਈਟ ਉੱਤੇ ਟੈਸਟਿੰਗ ਮੋਡ ਵਿੱਚ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈੱਬਸਾਈਟ ’ਤੇ ਜਾਣ ਅਤੇ ਫ਼ਰਦ ਤਿਆਰ ਕਰਨ, ਇੰਤਕਾਲ ਅਤੇ ਰਪਟ ਦਰਜ ਕਰਨ ਲਈ ਇਨ੍ਹਾਂ ਬੀਟਾ ਸੰਸਕਰਣਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਜ਼ਮੀਨੀ ਪੱਧਰ ’ਤੇ ਬਦਲਾਅ ਕਰਨ ਲਈ ਜ਼ਰੂਰਤਾਂ ਦਾ ਮੁਲਾਂਕਣ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਐਨੀਵੇਅਰ ਰਜਿਸਟ੍ਰੇਸ਼ਨ’ ਪੰਜਾਬ ਸਰਕਾਰ ਦਾ ਮੁਹਾਲੀ ਜ਼ਿਲ੍ਹੇ ਤੋਂ ਸ਼ੁਰੂ ਹੋਣ ਵਾਲਾ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਇਸ ਮਗਰੋਂ ਵਧੀਕ ਮੁੱਖ ਸਕੱਤਰ ਨੇ ਖਰੜ ਸਬ ਰਜਿਸਟਰਾਰ ਦਫ਼ਤਰ ਦਾ ਦੌਰਾ ਕੀਤਾ ਅਤੇ ਡੀਡ ਰਜਿਸਟ੍ਰੇਸ਼ਨ ਲਈ ਉੱਥੇ ਮੌਜੂਦ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਇਹ ਵੀ ਪੁੱਛਿਆ ਕਿ ਕਿਸੇ ਨੇ ਉਨ੍ਹਾਂ ਤੋਂ ਤੈਅ ਫ਼ੀਸ ਤੋਂ ਜ਼ਿਆਦਾ ਪੈਸੇ ਤਾਂ ਨਹੀਂ ਲਏ ਜਾਂ ਉਨ੍ਹਾਂ ਨੂੰ ਕਿਸੇ ਨੂੰ ਰਿਸ਼ਵਤ ਤਾਂ ਨਹੀਂ ਦੇਣੀ ਪਈ। ਉਨ੍ਹਾਂ ਨੇ ਜ਼ੀਰਕਪੁਰ ਅਤੇ ਡੇਰਾਬੱਸੀ ਸਬ ਰਜਿਸਟਰਾਰ ਦਫ਼ਤਰਾਂ ਦਾ ਵੀ ਦੌਰਾ ਕੀਤਾ ਅਤੇ ਰਜਿਸਟ੍ਰੇਸ਼ਨ ਨਾਲ ਸਬੰਧਤ ਕੰਮਾਂ ਲਈ ਉੱਥੇ ਮੌਜੂਦ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।