
52 ਗਰਾਮ ਹੈਰੋਇਨ ਸਮੇਤ ਮੁਹਾਲੀ ਦੀ ਅੌਰਤ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਮੁਹਾਲੀ ਪੁਲੀਸ ਵੱਡਲੋਂ ਐੱਸਐੱਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ 52 ਗਰਾਮ ਹੈਰੋਇਨ ਸਮੇਤ ਇੱਕ ਅੌਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਅੌਰਤ ਮਨਜੀਤ ਕੌਰ ਵਾਸੀ ਮੁਹਾਲੀ ਦੇ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਮੁਲਜ਼ਮ ਅੌਰਤ ਅੰਮ੍ਰਿਤਸਰ ਤੋਂ ਹੈਰੋਇਨ ਦੀ ਸਪਲਾਈ ਲੈ ਕੇ ਆ ਰਹੀ ਸੀ। ਜਿਸ ਨੇ ਸਿਲਵੀ ਪਾਰਕ ਫੇਜ਼-10 ਨੇੜੇ ਆਪਣੇ ਕਿਸੇ ਪੱਕੇ ਗਾਹਕ ਨੂੰ ਨਸ਼ਾ ਸਪਲਾਈ ਕਰਨਾ ਸੀ। ਉਨ੍ਹਾਂ ਦੱਸਿਆ ਕਿ ਉਕਤ ਅੌਰਤ ਨੂੰ ਗ੍ਰਿਫ਼ਤਾਰ ਕਰਕੇ ਤਲਾਸ਼ੀ ਦੌਰਾਨ ਉਸ ਕੋਲੋਂ 52 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲੀਸ ਅਨੁਸਾਰ ਮਨਜੋਤ ਕੌਰ ਕਾਫ਼ੀ ਸਮੇਂ ਤੋਂ ਅੰਮ੍ਰਿਤਸਰ ’ਚੋਂ ਹੈਰੋਇਨ ਲਿਆ ਕੇ ਇਲਾਕੇ ਵਿੱਚ ਸਪਲਾਈ ਕਰਨ ਦਾ ਧੰਦਾ ਕਰ ਰਹੀ ਸੀ।