Nabaz-e-punjab.com

ਮੁਹਾਲੀ ਵਿੱਚ ਦਿਨ ਦਿਹਾੜੇ ਬਜ਼ੁਰਗ ਅੌਰਤ ਨੂੰ ਬੰਦੀ ਬਣਾ ਕੇ ਵਿਦੇਸ਼ੀ ਕਰੰਸੀ ਤੇ ਗਹਿਣੇ ਲੁੱਟੇ

ਅਣਪਛਾਤੇ ਲੁਟੇਰਿਆਂ ਖ਼ੁਦ ਨੂੰ ਦੱਸਿਆ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ, ਗਟਰ ਸਾਫ਼ ਕਰਨ ਦਾ ਬਹਾਨਾ ਬਣਾ ਕੇ ਘਰ ’ਚ ਦਾਖ਼ਲ ਹੋਏ

ਪੀੜਤ ਅੌਰਤ ਦੇ ਸਾਇੰਸਦਾਨ ਬੇਟੇ ਦੇ ਡਿਊਟੀ ਜਾਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ਨੂੰਹ ਵੀ ਜਾ ਚੁੱਕੀ ਸੀ ਸਕੂਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਇੱਥੋਂ ਦੇ ਫੇਜ਼-1 ਵਿੱਚ ਤਿੰਨ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਬਜ਼ੁਰਗ ਅੌਰਤ ਨੂੰ ਘਰ ਵਿੱਚ ਬੰਦੀ ਬਣਾ ਕੇ ਵਿਦੇਸ਼ੀ ਕਰੰਸੀ ਅਤੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੁਟੇਰਿਆਂ ਨੇ ਖ਼ੁਦ ਨੂੰ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਦੱਸਿਆ ਅਤੇ ਸੀਵਰੇਜ ਦੇ ਗਟਰਾਂ ਦੀ ਸਫ਼ਾਈ ਕਰਨ ਦਾ ਬਹਾਨਾ ਬਣਾ ਕੇ ਘਰ ਵਿੱਚ ਦਾਖ਼ਲ ਹੋਏ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਵਿਜੈ ਇੰਦਰ ਡਿਊਟੀ ’ਤੇ ਜਾ ਰਿਹਾ ਸੀ ਕਿ ਲੁਟੇਰੇ ਘਰ ਦੇ ਬਾਹਰ ਸੜਕ ਕਿਨਾਰੇ ਸਫ਼ਾਈ ਕਰਮਚਾਰੀਆਂ ਦੀ ਵਰਦੀ ਵਿੱਚ ਬੈਠੇ ਹੋਏ ਸਨ। ਜਿਸ ਕਾਰਨ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੋਇਆ। ਉਨ੍ਹਾਂ ਦੇ ਦਫ਼ਤਰ ਲਈ ਰਵਾਨਾ ਹੋਣ ਤੋਂ ਤੁਰੰਤ ਬਾਅਦ ਲੁਟੇਰਿਆਂ ਨੇ ਕਰੀਬ ਸਵਾ 9 ਵਜੇ ਮਕਾਨ ਮਾਲਕ ਮਧੂ ਸ਼ਰਮਾ ਨੂੰ ਦੱਸਿਆ ਕਿ ਉਹ ਸਫ਼ਾਈ ਕਰਮਚਾਰੀ ਹਨ ਅਤੇ ਗਟਰ ਦੀ ਸਫ਼ਾਈ ਕਰਨ ਲਈ ਆਏ ਹਨ। ਇਹ ਗੱਲ ਸੁਣ ਕੇ ਬਜੁਰਗ ਅੌਰਤ ਨੇ ਘਰ ਦਾ ਬੂਹਾ ਖੋਲ੍ਹ ਦਿੱਤਾ। ਘਰ ਵਿੱਚ ਦਾਖ਼ਲ ਹੁੰਦੇ ਹੀ ਲੁਟੇਰਿਆਂ ਨੇ ਬਜ਼ੁਰਗ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਅੌਰਤ ਨੂੰ ਇਕ ਕਮਰੇ ਵਿੱਚ ਬੰਦ ਕਰਕੇ ਘਰ ਵਿੱਚ ਸਾਰਾ ਕੀਮਤੀ ਸਾਮਾਨ ਲੁੱਟ ਕੇ ਲੈ ਗਏ। ਪੀੜਤ ਅੌਰਤ ਅਨੁਸਾਰ ਲੁਟੇਰੇ ਘਰ ’ਚੋਂ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਗਦੀ ਅਤੇ 300 ਯੂਰੋ (ਵਿਦੇਸ਼ੀ ਕਰੰਸੀ) ਲੈ ਗਏ ਹਨ। ਲੁਟੇਰੇ ਬਜ਼ੁਰਗ ਮਹਿਲਾ ਨੂੰ ਵਾਰ ਵਾਰ ਪੁੱਛਦੇ ਰਹੇ ਕਿ ਹੋਰ ਕੀਮਤੀ ਸਾਮਨ ਕਿੱਥੇ ਕਿੱਥੇ ਹੈ। ਇਸ ’ਤੇ ਪੀੜਤ ਅੌਰਤ ਨੇ ਕਿਹਾ ਕਿ ਉਸ ਦੀ ਨੂੰਹ ਥੋੜ੍ਹੀ ਦੇਰ ਵਿੱਚ ਆਉਣ ਵਾਲੀ ਹੈ ਅਤੇ ਉਸ ਨੂੰ ਹੀ ਸਾਰਾ ਕੁਝ ਪਤਾ ਹੈ ਕਿ ਕਿਹੜਾ ਸਾਮਾਨ ਕਿੱਥੇ ਪਿਆ ਹੈ। ਨੂੰਹ ਦੇ ਛੇਤੀ ਪਰਤ ਆਉਣ ਦੀ ਗੱਲ ਸੁਣ ਕੇ ਲੁਟੇਰੇ ਕਾਹਲੀ ਕਾਹਲੀ ਵਿੱਚ ਉੱਥੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਯੋਗਨਾਬੱਧ ਤਰੀਕੇ ਨਾਲ ਇਸ ਲੁੱਟ ਦੀ ਵਾਰਦਾਤ ਕੀਤੀ ਹੈ। ਇਸ ਤੋਂ ਪਹਿਲਾਂ ਬਕਾਇਦਾ ਘਰ ਅਤੇ ਇਲਾਕੇ ਦੀ ਰੈਕੀ ਕੀਤੀ ਗਈ। ਲੁਟੇਰੇ ਇਹ ਗੱਲ ਭਲੀਭਾਂਤ ਜਾਣਦੇ ਸਨ ਕਿ ਬਜ਼ੁਰਗ ਦਾ ਬੇਟਾ ਵਿਜੈ ਇੰਦਰ ਅਤੇ ਨੂੰਹ ਸਵੇਰੇ ਡਿਊਟੀ ’ਤੇ ਚਲੇ ਜਾਂਦੇ ਹਨ ਅਤੇ ਪਿੱਛੋਂ ਪੀੜਤ ਅੌਰਤ ਮਧੂ ਸ਼ਰਮਾ ਘਰ ਵਿੱਚ ਇਕੱਲੀ ਹੁੰਦੀ ਹੈ। ਵਿਜੈ ਇੰਦਰ ਸਾਇੰਸਦਾਨ ਹੈ ਜਦੋਂਕਿ ਉਸ ਦੀ ਪਤਨੀ ਅਧਿਆਪਕ ਹੈ। ਇਹ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਤਾਬਕ ਤਿੰਨ ਵਿਅਕਤੀ ਦਿਖਾਈ ਦੇ ਰਹੇ ਹਨ। ਜਿਨ੍ਹਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਹਨ। ਪੁਲੀਸ ਨੂੰ ਸ਼ੱਕ ਹੈ ਕਿ ਲੁੱਟ ਦੀ ਵਾਰਦਾਤ ਨੂੰ ਇਨ੍ਹਾਂ ਨੇ ਹੀ ਅੰਜਾਮ ਦਿੱਤਾ ਹੋਵੇਗਾ। ਲੁਟੇਰਿਆਂ ਦੇ ਜਾਣ ਤੋਂ ਬਾਅਦ ਮਧੂ ਸ਼ਰਮਾ ਨੇ ਆਪਣੇ ਬੇਟੇ ਅਤੇ ਨੂੰਹ ਨੂੰ ਘਟਨਾਕ੍ਰਮ ਬਾਰੇ ਦੱਸਿਆ ਅਤੇ ਪੁਲੀਸ ਨੂੰ ਇਤਲਾਹ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਤੁਰੰਤ ਪੁਲੀਸ ਕਰਮਚਾਰੀ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਬਾਅਦ ਵਿੱਚ ਏਐਸਪੀ ਮੈਡਮ ਅਸ਼ਵਨੀ ਗੋਟਿਆਲ ਵੀ ਪਹੁੰਚ ਗਏ ਅਤੇ ਪੀੜਤ ਅੌਰਤ ਤੇ ਹੋਰਨਾਂ ਲੋਕਾਂ ਨਾਲ ਗੱਲਬਾਤ ਕਰਕੇ ਸਮੁੱਚੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ। ਇਸ ਮਗਰੋਂ ਪੁਲੀਸ ਦੀਆਂ ਵੱਲ ਵੱਖ ਟੀਮਾਂ ਵੱਲੋਂ ਗਲੀ ਮੁਹੱਲਿਆਂ ਅਤੇ ਹੋਰ ਆਸਪਾਸ ਥਾਵਾਂ ’ਤੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਕੈਮਰਿਆਂ ਫੁਟੇਜ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਅੌਰਤ ਮਧੂ ਸ਼ਰਮਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਧਾਰਾ 382 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
(ਸੀਸੀਟੀਵੀ ਕੈਮਰੇ ਦੀ ਰਿਪੋਰਟ)
ਇਸੇ ਦੌਰਾਨ ਪੁਲੀਸ ਨੂੰ ਵਾਰਦਾਤ ਵਾਲੀ ਥਾਂ ਤੋਂ ਕੁਝ ਕੁ ਦੁਰੀ ’ਤੇ ਇਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ ਲੁਟੇਰੇ ਦੋ ਮੋਟਰ ਸਾਈਕਲਾਂ ’ਤੇ ਆਏ ਸੀ। ਸਮਾਜ ਸੇਵੀ ਹਰਬਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਮਾਰਕੀਟ ਵਿੱਚ ਪਬਲਿਕ ਪਖਾਨੇ ਨਾਲ ਰੇਹੜੀ ਲੱਗੀ ਹੈ। ਜਿੱਥੇ ਪਹਿਲਾਂ ਇਕ ਨੌਜਵਾਨ ਆ ਕੇ ਮੋਟਰ ਸਾਈਕਲ ਖੜਾ ਕਰਦਾ ਹੈ, ਤੁਰੰਤ ਬਾਅਦ ਉਸ ਦੇ ਦੋ ਸਾਥੀ ਵੀ ਇਕ ਮੋਟਰ ਸਾਈਕਲ ਖੜਾ ਕੇ ਪੈਦਲ ਹੀ ਜਾਂਦੇ ਹਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਪਣੇ ਮੋਟਰ ਸਾਈਕਲਾਂ ਦੇ ਸਵਾਰ ਹੋ ਕੇ ਪੁਰਾਣੇ ਬੈਰੀਅਰ ਵੱਲ ਭੱਜਦੇ ਨਜ਼ਰ ਆਉਂਦੇ ਹਨ। ਕਾਰ ਵਿੱਚ ਬੈਠ ਕੇ ਫੋਨ ਸੁਣ ਰਹੇ ਇਕ ਵਿਅਕਤੀ ਅਤੇ ਰੇਹੜੀ ਵਾਲੇ ਨੇ ਵੀ ਲੁਟੇਰਿਆਂ ਨੂੰ ਭੱਜਦੇ ਹੋਏ ਦੇਖਿਆ ਹੈ ਲੇਕਿਨ ਇਹ ਏਨੀ ਕਾਹਲੀ ਵਿੱਚ ਵਾਪਰਿਆ ਕਿਸੇ ਨੂੰ ਕੁਝ ਸਮਝ ਨਹੀਂ ਲੱਗਿਆ। ਇਹ ਨੌਜਵਾਨ ਕਿਉਂ ਭੱਜੇ ਜਾ ਰਹੇ ਹਨ। ਹਾਲਾਂਕਿ ਬਾਅਦ ਵਿੱਚ ਕਾਰ ਚਾਲਕ ਨੇ ਲੁਟੇਰਿਆਂ ਦੇ ਪਿੱਛੇ ਆਪਣੀ ਕਾਰ ਵੀ ਭਜਾਉਣ ਦਾ ਯਤਨ ਕੀਤਾ ਲੇਕਿਨ ਏਨੇ ਵਿੱਚ ਉਹ ਰਫੂ ਚੱਕਰ ਹੋ ਗਏ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…