Nabaz-e-punjab.com

ਕੈਨੇਡਾ ਦਿਵਸ ਮਨਾਉਣ ਸਾਥੀਆਂ ਨਾਲ ਬੀਚ ’ਤੇ ਘੁੰਮਣ ਗਏ ਮੁਹਾਲੀ ਦੇ ਨੌਜਵਾਨ ਦੀ ਸਮੁੰਦਰ ਵਿੱਚ ਡੁੱਬਣ ਨਾਲ ਮੌਤ

ਤਿੰਨ ਮਹੀਨੇ ਪਹਿਲਾਂ ਹੀ ਰੁਪੇਸ਼ ਨਰੂਲਾ ਨੇ ਮੁਹਾਲੀ ਵਿੱਚ ਕਰਵਾਇਆ ਸੀ ਵਿਆਹ, ਪਤਨੀ ਨੇ ਅਗਲੇ ਮਹੀਨੇ ਜਾਣਾ ਸੀ ਕੈਨੇਡਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਇੱਥੋਂ ਦੇ ਫੇਜ਼-7 ਦੇ ਵਸਨੀਕ ਨੌਜਵਾਨ ਰੂਪੇਸ਼ ਨਰੂਲਾ ਉਰਫ਼ ਰੂਬੀ (25) ਦੀ ਬੀਤੇ ਕੱਲ ਕੈਨੇਡਾ ਦੇ ਸਕਾਰਬੋ ਸ਼ਹਿਰ ਵਿੱਚ ਵਿਸ਼ਾਖਾ ਬੀਚ ’ਤੇ ਸਮੁੰਦਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਉਸ ਦਾ ਤਿੰਨ ਮਹੀਨੇ ਪਹਿਲਾਂ ਹੀ ਮੁਹਾਲੀ ਵਿੱਚ ਵਿਆਹ ਹੋਇਆ ਸੀ। ਅੱਜ ਦੁਪਹਿਰ ਵੇਲੇ ਜਿਵੇਂ ਹੀ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਪੂਰੇ ਸ਼ਹਿਰ ਵਿੱਚ ਮਾਤਮ ਛਾ ਗਿਆ। ਉਸ ਦੇ ਪਿਤਾ ਪਵਨ ਕੁਮਾਰ ਨਰੂਲਾ ਇਤਿਹਾਸਕ ਨਗਰ ਸੋਹਾਣਾ ਵਿੱਚ ਨਰੂਲਾ ਟੈਂਟ ਹਾਊਸ ਦਾ ਕੰਮ ਕਰਦੇ ਸਨ।
ਰੁਪੇਸ਼ ਨਰੂਲਾ ਤਿੰਨ ਕੁ ਸਾਲ ਪਹਿਲਾਂ ਕੈਨੇਡਾ ਦੇ ਟੋਰੰਟੋ ਸ਼ਹਿਰ ਵਿੱਚ ਵਿਦਿਆਰਥੀ ਵੀਜ਼ੇ ’ਤੇ ਪੜ੍ਹਨ ਗਿਆ ਸੀ ਅਤੇ ਪੜਾਈ ਮੁਕੰਮਲ ਹੋਣ ਤੋਂ ਬਾਅਦ ਉਹ ਉੱਥੇ ਨੌਕਰੀ ਕਰ ਰਿਹਾ ਸੀ। ਉਸ ਦੇ ਭਰਾ ਭੁਪੇਸ਼ ਨਰੂਲਾ ਨੇ ਦੱਸਿਆ ਕਿ ਰੁਪੇਸ਼ ਦਾ ਇਸੇ ਸਾਲ ਮਾਰਚ ਵਿੱਚ ਵਿਆਹ ਹੋਇਆ ਸੀ ਅਤੇ ਉਹ ਬੀਤੀ 20 ਜੂਨ ਨੂੰ ਹੀ ਵਾਪਸ ਕੈਨੇਡਾ ਗਿਆ ਸੀ। ਉਸ ਦੀ ਪਤਨੀ ਨੇ ਅਗਲੇ ਮਹੀਨੇ ਕੈਨੇਡਾ ਜਾਣਾ ਸੀ ਪ੍ਰੰਤੂ ਅਚਾਨਕ ਇਹ ਭਾਣਾ ਵਾਪਰ ਗਿਆ।
ਸ੍ਰੀ ਭੁਪੇਸ਼ ਨੇ ਦੱਸਿਆ ਕਿ ਰੁਪੇਸ਼ ਆਪਣੇ ਸਾਥੀਆਂ ਨਾਲ ਕੈਨੇਡਾ ਦਿਵਸ ਮਨਾਉਣ ਲਈ ਟੋਰੰਟੋ ਤੋਂ ਸਕਾਰਬੋ ਸ਼ਹਿਰ ਗਿਆ ਸੀ। ਜਿੱਥੇ ਉਹ ਨਹਾਉਣ ਲਈ ਬੀਚ ’ਤੇ ਗਿਆ ਸੀ। ਉੱਥੇ ਪਾਣੀ ਦੀ ਲਹਿਰ ਉਸ ਨੂੰ ਡੂੰਘੇ ਪਾਣੀ ਵਿੱਚ ਖਿੱਚ ਕੇ ਲੈ ਗਈ ਅਤੇ ਸਹੀ ਤਰੀਕੇ ਨਾਲ ਤੈਰਨਾ ਨਾ ਆਉਂਦਾ ਹੋਣ ਕਾਰਨ ਦੇਖਦੇ ਹੀ ਦੇਖਦੇ ਰੁਪੇਸ਼ ਪਾਣੀ ਵਿੱਚ ਡੁੱਬ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਸਕਾਰਬੋ ਦੇ ਕਾਲਿੰਗ ਵੁੱਡ ਹਸਪਤਾਲ ਵਿੱਚ ਰੱਖੀ ਗਈ ਹੈ ਅਤੇ ਪਰਿਵਾਰ ਵੱਲੋਂ ਆਪਣੇ ਲਾਡਲੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਰੁਪੇਸ਼ ਦੀ ਅਚਾਨਕ ਮੌਤ ਦੀ ਖ਼ਬਰ ਮਿਲਦੇ ਹੀ ਨਜ਼ਦੀਕੀ ਰਿਸ਼ਤੇਦਾਰਾਂ, ਮਿੱਤਰਚਾਰਾ ਅਤੇ ਸ਼ਹਿਰ ਵਾਸੀਆਂ ਦਾ ਉਨ੍ਹਾਂ ਦੇ ਘਰ ਤਾਂਤਾ ਲੱਗ ਗਿਆ।
ਇਲਾਕੇ ਦੇ ਭਾਜਪਾ ਕੌਂਸਲਰ ਸੈਹਬੀ ਆਨੰਦ ਨੇ ਦੱਸਿਆ ਕਿ ਰੁਪੇਸ਼ ਨਰੂਲਾ ਬਹੁਤ ਹੀ ਹਸਮੁਖ ਸੁਭਾਅ ਦਾ ਨੌਜਵਾਨ ਸੀ ਅਤੇ ਸਾਰਿਆਂ ਨਾਲ ਘੁਲ ਮਿਲ ਜਾਂਦਾ ਸੀ। ਉਨ੍ਹਾਂ ਕਿਹਾ ਕਿ ਰੁਪੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਹੁਣ ਉਸ ਨੇ ਪਰਿਵਾਰ ਨੂੰ ਸੰਭਲਿਆ ਹੀ ਸੀ ਕਿ ਇਹ ਭਾਣਾ ਵਰਤ ਗਿਆ ਅਤੇ ਰੁਪੇਸ਼ ਦੀ ਬੇਵਕਤੀ ਮੌਤ ਨੇ ਉਸ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…