ਮੁਹਾਲੀ ਦੇ ਏਡੀਸੀ ਮਾਨ ਵੱਲੋਂ ਨਾਇਬ ਤਹਿਸੀਲਦਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਪੰਜਾਬੀ ਏਕਤਾ ਪਾਰਟੀ ਵੱਲੋਂ ਸਬ-ਤਹਿਸੀਲ ਮਾਜਰੀ ਦੇ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਵੱਲੋਂ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੇ ਲਗਾਏ ਦੋਸ਼ਾ ਦੀ ਪੜਤਾਲ ਏਡੀਸੀ ਮੁਹਾਲੀ ਚਰਨਦੇਵ ਸਿੰਘ ਮਾਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਬੀਤੇ ਦਿਨ ਸ੍ਰੀ ਮਾਨ ਨੂੰ ਪੀਈਪੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇਸ ਇਲਾਕੇ ਦੇ ਲੋਕਾਂ ਦਾ ਵਫ਼ਦ ਮਿਲਿਆ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਕਾਦੀਮਾਜਰਾ, ਦਲਵਿੰਦਰ ਸਿੰਘ ਬੈਨੀਪਾਲ, ਰਾਜਬੀਰ ਸਿੰਘ ਹੁਸ਼ਿਆਰਪੁਰ, ਅਮਰੀਕ ਸਿੰਘ ਨੰਬਰਦਾਰ ਤਕੀਪੁਰ ਅਤੇ ਮਨਦੀਪ ਸਿੰਘ ਖਿਜਰਾਬਾਦ ਸਾਬਕਾ ਬਲਾਕ ਸੰਮਤੀ ਮੈਂਬਰ ਮਾਜਰੀ ਨੇ ਇਲਾਕੇ ਦੇ ਪਿੰਡਾਂ ਦੇ ਪੰਚਾ, ਸਰਪੰਚਾਂ ਤੇ ਨੰਬਰਦਾਰਾਂ ਦੇ ਦਸਖ਼ਤਾਂ ਵਾਲਾ ਸਾਂਝਾ ਮਤਾ ਦਿੱਤਾ ਗਿਆ। ਜਿਸ ਉੱਤੇ 200 ਤੋਂ ਵੱਧ ਵਿਅਕਤੀਆਂ ਦੇ ਦਸਤਖਤ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਾਇਬ ਤਹਿਸੀਲਦਾਰ ਨੂੰ ਮੁਅੱਤਲ ਕਰਕੇ ਅਧਿਕਾਰੀ ਨੂੰ ਤੁਰੰਤ ਬਦਲਿਆ ਜਾਵੇ। ਇਲਾਕਾ ਨਿਵਾਸੀਆਂ ਵੱਲੋਂ ਮਤੇ ਵਿੱਚ ਲਿਖਿਆ ਗਿਆ ਹੈ ਕਿ ਉਕਤ ਨਾਇਬ ਤਹਿਸੀਲਦਾਰ ’ਤੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ ਲੱਗੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਕੋਈ ਵਿਅਕਤੀ ਰਿਸ਼ਵਤ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਬਿਨਾਂ ਕਿਸੇ ਕਾਰਨ ਨੁਕਸ ਕੱਢ ਕੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕੇਸ ਦਰਜ ਕਰਕੇ ਉਸ ਦੀ ਜਾਇਦਾਦ ਦੀ ਪੜਤਾਲ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਏਡੀਸੀ ਸ੍ਰੀ ਮਾਨ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਮਾਜਰੀ ਵਿੱਚ ਨਾਇਬ ਤਹਿਸੀਲਦਾਰ ਦੇ ਖ਼ਿਲਾਫ਼ ਬੀਤੀ 22 ਜਨਵਰੀ ਨੂੰ ਧਰਨਾ ਦੇਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਜਰੀ ਦੇ ਰਜਿਸਟਰੀ ਕਲਰਕ ਦੀ ਬਦਲੀ ਕਰ ਦਿੱਤੀ ਗਈ ਸੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਤੋਂ ਵੀ ਉਕਤ ਅਫ਼ਸਰ ਨੇ ਰਿਸ਼ਵਤ ਲੈ ਕੇ ਕੰਮ ਕੀਤੇ ਹਨ ਉਹ ਆਪਣੇ ਬਿਆਨ ਦਰਜ ਕਰਾਉਣ ਲਈ ਅੱਗੇ ਆਉਣ ਤਾਂ ਕਿ ਜ਼ਿਲ੍ਹਾ ਮੁਹਾਲੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਮੁਹਾਲੀ ਵਿੱਚ ਮਾਲ ਵਿਭਾਗ ਵੱਲੋਂ ਰੋਜ਼ਾਨਾ ਲਈ ਜਾ ਰਹੀ ਰਿਸ਼ਵਤ ਸਬੰਧੀ ਤੱਥਾਂ ਸਮੇਤ ਆਉਂਦੇ ਕੁਝ ਦਿਨਾਂ ਵਿੱਚ ਵੱਡੇ ਖੁਲਾਸੇ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …