
ਮੁਹਾਲੀ ਦੀ ‘ਬੁਫੇਟ ਹੱਟ’ ਨੂੰ ਅਣਗਹਿਲੀ ਦੇ ਦੋਸ਼ ਤਹਿਤ 25 ਹਜ਼ਾਰ ਰੁਪਏ ਦਾ ਜ਼ੁਰਮਾਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਐਡਜੂਕੇਟਿੰਗ ਅਫ਼ਸਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਦੀ ਅਦਾਲਤ ਵੱਲੋਂ ਪੰਜਾਬ ਸਰਕਾਰ ਫੂਡ ਸੇਫ਼ਟੀ ਐਕਟ ਅਧੀਨ ਮੁਹਾਲੀ ਦੇ ਸੈਕਟਰ70 ਸਥਿਤ ‘ਬੁਫੇਟ ਹਟ’ ਨੂੰ ਅਣਗਹਿਲੀ ਦੇ ਦੋਸ਼ ਤਹਿਤ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ‘ਬੁਫੇਟ ਹਟ’ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 56 ਦੀ ਉਲੰਘਣਾ ਕੀਤੀ ਗਈ ਹੈ। ਇਹ ਮਾਮਲਾ ਸਿੱਧੇ ਤੌਰ ’ਤੇ ਜਨਹਿਤ ਨਾਲ ਜੁੜਿਆ ਹੋਣ ’ਤੇ ਉਕਤ ਅਦਾਲਤ ਨੇ ਸੰਸਥਾ ਨੂੰ ਐਕਟ ਦੀ ਧਾਰਾ 56 ਤਹਿਤ 25 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਤਹਿਤ ਸਿਵਲ ਸਰਜਨ ਦਫ਼ਤਰ ਦੇ ਫੂਡ ਸੇਫਟੀ ਅਫ਼ਸਰ ਵੱਲੋਂ ਪਿਛਲੇ ਸਾਲ 9 ਜੁਲਾਈ 2021 ਨੂੰ ‘ਬੁਫੇਟ ਹਟ’ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ ਅਤੇ ਚੈਕਿੰਗ ਦੌਰਾਨ ‘ਬੁਫੇਟ ਹਟ’ ਵਿਖੇ ਮੈਦਾ ਅਤੇ ਸਟੋਰੇਜ਼ ਕੰਟੇਨਰ ਵਿੱਚ ਕੀੜਿਆਂ ਦਾ ਸੰਕਰਮਣ ਪਾਇਆ ਗਿਆ ਸੀ, ਫੂਡ ਸੇਫਟੀ ਐਕਟ ਅਨੁਸਾਰ ਕੂੜੇਦਾਨ ਵੀ ਕਵਰ ਨਹੀਂ ਕੀਤੇ ਹੋਏ ਸਨ, ਸਟੋਰੇਜ਼ ਫਰਿੱਜ ਵਿੱਚ ਮੱਖੀਆਂ ਭਿਣਕ ਰਹੀਆਂ ਸਨ। ਇਸ ਤੋਂ ਇਲਾਵਾ ਰਸੋਈ ਵੀ ਸਾਫ਼ ਸੁਥਰੀ ਨਹੀਂ ਸੀ ਅਤੇ ਸ਼ਾਕਾਹਾਰੀ ਅਤੇ ਗੈਰ-ਸ਼ਾਕਾਹਾਰੀ ਭੋਜਨ ਸਟੋਰੇਜ ਅਤੇ ਫਰਿੱਜ ਵਿੱਚ ਵੱਖੋ-ਵੱਖਰੇ ਨਹੀਂ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਨੇ ਚੈਕਿੰਗ ਦੌਰਾਨ ਮਿਲੀਆਂ ਉਕਤ ਖ਼ਾਮੀਆਂ ਦੀ ਬਕਾਇਦਾ ਤੌਰ ’ਤੇ ਫੋਟੋਗ੍ਰਾਫੀ ਵੀ ਕੀਤੀ ਗਈ ਸੀ। ਜਿਸ ਦੇ ਮੱਦੇਨਜ਼ਰ ਸਬੰਧਤ ਦੁਕਾਨ ਦਾ ਚਲਾਨ ਕਰ ਕੇ ਜੁਰਮਾਨਾ ਕੀਤਾ ਗਿਆ।
ਏਡੀਸੀ ਦੀ ਅਦਾਲਤ ਨੇ ਸਿਵਲ ਸਰਜਨ ਦਫ਼ਤਰ ਦੇ ਫੂਡ ਸੇਫਟੀ ਅਫਸਰ ਨੂੰ ਵੀ ਸਖ਼ਤ ਹਦਾਇਤ ਕੀਤੀ ਹੈ ਕਿ ਅਦਾਲਤ ਵੱਲੋਂ ਕੀਤੇ ਗਏ ਜੁਰਮਾਨੇ ਦੀ ਰਕਮ ਦੇ ਭੁਗਤਾਨ ਲਈ ਯੋਗ ਕਾਰਵਾਈ ਸਮੇਂ ਸਿਰ ਕੀਤੀ ਜਾਣੀ ਯਕੀਨੀ ਬਣਾਈ ਜਾਵੇ।