
ਮੁਹਾਲੀ ਦੇ ਨਵੇਂ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਚਾਰਜ ਸੰਭਾਲਿਆ
ਜ਼ਿੰਮੇਵਾਰ ਤੇ ਜਵਾਬਦੇਹ ਪੁਲੀਸ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ: ਐਸਐਸਪੀ ਸੋਨੀ
ਇਮੀਗਰੇਸ਼ਨ ਤੇ ਜ਼ਮੀਨ ਧੋਖਾਧੜੀ ਮਾਮਲਿਆਂ ਨੂੰ ਠੱਲ੍ਹ ਪਾਈ ਜਾਵੇਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਮੁਹਾਲੀ ਦੇ ਨਵੇਂ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਉਹ ਰੂਪਨਗਰ ਤੋਂ ਬਦਲ ਕੇ ਇੱਥੇ ਆਏ ਹਨ। ਦਫ਼ਤਰ ਪਹੁੰਚਣ ’ਤੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਮਿੱਥੇ ਸਮੇਂ ਵਿੱਚ ਹੱਲ ਕੀਤੀਆਂ ਜਾਣਗੀਆਂ ਅਤੇ ਆਮ ਲੋਕਾਂ ਨੂੰ ਜ਼ਿੰਮੇਵਾਰ ਅਤੇ ਜਵਾਬਦੇਹ ਪੁਲੀਸ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਸੋਨੀ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਧੋਖੇਬਾਜ਼ ਟਰੈਵਲ ਏਜੰਟਾਂ, ਇਮੀਗਰੇਸ਼ਨ ਅਤੇ ਜ਼ਮੀਨ ਧੋਖਾਧੜੀ ਦੇ ਮਾਮਲਿਆਂ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾਵੇਗੀ। ਉਨ੍ਹਾਂ ਨੇ ਸਟਰੀਟ ਕ੍ਰਾਈਮ ਰੋਕਣ ਲਈ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਗੁਆਂਢੀ ਸੂਬਿਆਂ ਨਾਲ ਮੁਹਾਲੀ ਦੀ ਹੱਦ ਸਾਂਝੀ ਹੋਣ ਕਾਰਨ ਇੱਥੇ ਪੁਲੀਸ ਨੂੰ ਹਮੇਸ਼ਾ ਚੌਕਸ ਰਹਿਣ ਦੀ ਲੋੜ ਹੈ। ਗੈਂਗਸਟਰਾਂ ਸਮੇਤ ਹੋਰ ਅਪਰਾਧੀਆਂ ਵਿਰੁੱਧ ਸਖ਼ਤ ਸ਼ਿਕੰਜਾ ਕੱਸਿਆ ਜਾਵੇ ਅਤੇ ਪੈਂਡਿੰਗ ਕੇਸਾਂ ਦਾ ਜਲਦੀ ਨਿਪਟਾਰਾ ਕਰਕੇ ਲੋਕਾਂ ਨੂੰ ਕਾਨੂੰਨ ਅਨੁਸਾਰ ਇਨਸਾਫ਼ ਦਿੱਤਾ ਜਾਵੇਗਾ। ਇਸ ਮਗਰੋਂ ਐਸਐਸਪੀ ਨੇ ਸੀਨੀਅਰ ਪੁਲੀਸ ਅਫ਼ਸਰਾਂ ਸਮੇਤ ਦਫ਼ਤਰੀ ਸਟਾਫ਼ ਅਤੇ ਥਾਣਾ ਮੁਖੀਆਂ ਨਾਲ ਮੀਟਿੰਗ ਕਰਕੇ ਫੀਡਬੈਕ ਲਈ ਅਤੇ ਸਾਰੇ ਅਫ਼ਸਰਾਂ ਅਤੇ ਪੁਲੀਸ ਮੁਲਾਜ਼ਮਾਂ ਨੂੰ ਸੇਵਾ ਭਾਵਨਾ ਡਿਊਟੀ ਨਿਭਾਉਣ ਅਤੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣ ਲਈ ਪ੍ਰੇਰਿਆ।
ਇਸ ਤੋਂ ਪਹਿਲਾਂ ਵਿਵੇਕ ਸ਼ੀਲ ਸੋਨੀ ਸੰਗਰੂਰ ਸਮੇਤ ਕਈ ਹੋਰਨਾਂ ਜ਼ਿਲ੍ਹਿਆਂ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਉਹ 2011 ਬੈਂਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਹੁਸ਼ਿਆਰਪੁਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਪੰਜਾਬ ਇੰਜੀਨੀਅਰ ਕਾਲਜ ਚੰਡੀਗੜ੍ਹ ਤੋਂ 2003 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਮਗਰੋਂ ਉਨ੍ਹਾਂ ਸਿਟੀ ਯੂਨੀਵਰਸਿਟੀ ਲੰਡਨ ਤੋਂ 2009 ਵਿੱਚ ਐਮਐਸ ਫਾਈਨੈਸ ਦੀ ਡਿਗਰੀ ਹਾਸਲ ਕੀਤੀ।