
ਦਿੱਲੀ ਮਾਡਲ ਵਾਂਗ ਮੁਹਾਲੀ ਵਿੱਚ ਵੀ ਖੋਲ੍ਹੇ ਜਾਣਗੇ ਮੁਹੱਲਾ ਕਲੀਨਿਕ: ਕੁਲਵੰਤ ਸਿੰਘ
ਕੁਲਵੰਤ ਸਿੰਘ ਨੇ ਬਹਿਲੋਲਪੁਰ, ਠਸਕਾ ਤੇ ਝਾਮਪੁਰ ਸਮੇਤ ਹੋਰ ਦਰਜਨਾਂ ਪਿੰਡਾਂ ਵਿੱਚ ਕੀਤੀਆਂ ਚੋਣ ਮੀਟਿੰਗਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਵਿਧਾਨ ਸਭਾ ਹਲਕਾ ਮੁਹਾਲੀ ਤੋਂ ਆਪ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਪਿੰਡ ਬਹਿਲੋਲਪੁਰ ਵਿਖੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜੋ ਤੁਹਾਡੇ ਚਿਹਰਿਆਂ ਦੇ ਉੱਪਰ ਗੁੱਸਾ ਅਤੇ ਮੁਸਕਾਨ ਦੋਵੇਂ ਹਨ, ਇਹ ਇਸ ਵਾਰ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਬਕ ਸਿਖਾ ਦੇਣ ਪ੍ਰਤੀ ਗੁੱਸਾ ਅਤੇ ਕੁਝ ਹੀ ਦਿਨਾਂ ਵਿੱਚ ਆਪ ਦੀ ਸਰਕਾਰ ਲੈ ਕੇ ਆਉਣ ਦੀ ਖੁਸ਼ੀ ਹੈ। ਕੁਲਵੰਤ ਸਿੰਘ ਨੇ ਪਿੰਡ ਬਹਿਲੋਲਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੂਰੇ ਭਾਰਤ ਵਿੱਚ ਇਹ ਦਿਖਾਉਣਾ ਹੈ ਕਿ ਪੰਜਾਬ ਵਿੱਚ ਆਪ ਨੇ ਕਿਸ ਤਰ੍ਹਾਂ ਦੀ ਸਰਕਾਰ ਦਿੱਤੀ ਹੈ ਅਤੇ ਲੋਕਾਂ ਦੀ ਸੇਵਾ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ। ਪੰਜਾਬ ਵਿੱਚ ਵੀ ਦਿੱਲੀ ਦੀ ਤਰਜ਼ ’ਤੇ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਮੁਫ਼ਤ ਟੈਸਟ ਹੋਣਗੇ ਅਤੇ ਕਿਸੇ ਵੀ ਵਿਅਕਤੀ ਦਾ 20 ਲੱਖ ਤੱਕ ਦਾ ਇਲਾਜ ਸਰਕਾਰ ਕਰਾਏਗੀ।

ਕੁਲਵੰਤ ਸਿੰਘ ਨੇ ਅੱਜ ਪਿੰਡ ਠਸਕਾ, ਝਾਮਪੁਰ ਅਤੇ ਬਹਿਲੋਲਪੁਰ ਤੋਂ ਇਲਾਵਾ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਹਰ ਪਿੰਡ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਭਰੋਸਾ ਪ੍ਰਗਟਾਇਆ। ਇਸ ਮੌਕੇ ਅਸ਼ੋਕ ਕੁਮਾਰ, ਸ਼ੋਕੀ ਬਹਿਲੋਲਪੁਰ, ਹਰਭਜਨ ਸਿੰਘ, ਇਕਬਾਲ ਮੁਹੰਮਦ, ਅਸ਼ੋਕ ਕੁਮਾਰ, ਜੀਵਨ ਸਿੰਘ, ਮਨਪ੍ਰੀਤ ਸਿੰਘ ਸਮਾਣਾ, ਅਕਵਿੰਦਰ ਸਿੰਘ ਗੋਸਲ, ਬਲਬੀਰ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ ਮਟੌਰ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਡਾ. ਕੁਲਦੀਪ ਸਿੰਘ ਵੀ ਹਾਜ਼ਰ ਸਨ।