nabaz-e-punjab.com

ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ

ਜ਼ਿਲ੍ਹਾ ਪੁਲੀਸ ਦੇ ਈਓ ਵਿੰਗ ਦੀ ਮੁੱਢਲੀ ਜਾਂਚ ਮਗਰੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ, ਫਿਲਹਾਲ ਮੁਲਜ਼ਮ ਫਰਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਚਿੱਟ ਫੰਡ ਕੰਪਨੀ ਦੀ ਤਰਜ਼ ’ਤੇ ਘੱਟ ਸਮੇਂ ਵਿੱਚ ਦੁੱਗਣੇ ਪੈਸੇ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-7 ਦੇ ਵਸਨੀਕ ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਮਟੌਰ ਥਾਣੇ ਵਿੱਚ ਇੰਦਰਜੀਤ ਸਿੰਘ ਵਾਸੀ ਚੰਡੀਗੜ੍ਹ ਦੇ ਖ਼ਿਲਾਫ਼ ਧਾਰਾ 406 ਤੇ 420 ਦੇ ਤਹਿਤ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਰਾਮ ਦਰਸ਼ਨ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਈਓ ਵਿੰਗ ਨੂੰ ਸੌਂਪੀ ਗਈ ਸੀ ਅਤੇ ਮੁੱਢਲੀ ਪੜਤਾਲ ਤੋਂ ਬਾਅਦ ਇੰਦਰਜੀਤ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਧੋਖਾਧੜੀ ਸੈਲਫ਼ ਸਟਾਈਲ ਪ੍ਰਾਈਵੇਟ ਕੰਪਨੀ ਵਿੱਚ ਪੈਸੇ ਤਿੰਨ ਸਾਲਾਂ ਵਿੱਚ ਦੁੱਗਣੇ ਕਰਕੇ ਮੋੜਨ ਦਾ ਝਾਂਸਾ ਦੇ ਕੇ ਕੀਤੀ ਗਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਦੋਸਤ ਪੁਰਾਣੀਆਂ ਕਾਰਾਂ ਵੇਚਣ ਅਤੇ ਖਰੀਦਣ ਦਾ ਕੰਮ ਕਰਦੇ ਸੀ। ਇਸ ਦੌਰਾਨ ਮੁਲਜ਼ਮ ਇੰਦਰਜੀਤ ਸਿੰਘ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਕੋਲ ਘੱਟ ਸਮੇਂ ਵਿੱਚ ਪੈਸੇ ਦੁੱਗਣੇ ਕਰਨ ਦੀ ਇਕ ਤਰਕੀਬ ਹੈ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਇਕ ਫਿਊਚਰ ਚੁਆਇਸ ਕੰਪਨੀ ਵਿੱਚ ਇਹ ਝਾਂਸਾ ਦੇ ਕੇ ਪੈਸਾ ਲਗਾਉਣ ਲਈ ਰਾਜ਼ੀ ਕਰ ਲਿਆ ਕਿ ਤਿੰਨ ਸਾਲਾਂ ਵਿੱਚ ਰਾਸ਼ੀ ਦੁੱਗਣੀ ਹੋ ਜਾਵੇਗੀ।
ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਇੰਦਰਜੀਤ ਦੇ ਝਾਂਸੇ ਵਿੱਚ ਆ ਕੇ ਸਾਢੇ 5 ਲੱਖ ਰੁਪਏ ਲਗਾ ਦਿੱਤੇ ਲੇਕਿਨ ਬਾਅਦ ਵਿੱਚ ਨਾ ਉਨ੍ਹਾਂ ਦੇ ਪੈਸੇ ਦੁੱਗਣੇ ਹੋਏ ਅਤੇ ਨਾ ਹੀ ਮੂਲ ਹੀ ਵਾਪਸ ਕੀਤੇ ਗਏ। ਜਦੋਂ ਉਸ ਨੇ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਚੈੱਕ ਦੇ ਦਿੱਤੇ ਲੇਕਿਨ ਜਦੋਂ ਉਸ ਨੇ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਵਿੱਚ ਲਗਾਇਆ ਤਾਂ ਚੈੱਕ ਬਾਊਂਸ ਹੋ ਗਏ। ਇਸ ਤੋਂ ਬਾਅਦ ਇੰਦਰਜੀਤ ਨੇ ਉਨ੍ਹਾਂ ਨੂੰ ਕੋਈ ਆਈ ਗਈ ਨਹੀਂ ਦਿੱਤੀ। ਜਿਸ ਕਾਰਨ ਉਸ ਨੇ ਪੁਲੀਸ ਮੁਖੀ ਨੂੰ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੁਲੀਸ ਨੇ ਵੱਖ ਵੱਖ ਪਹਿਲੂਆਂ ’ਤੇ ਮੁੱਢਲੀ ਜਾਂਚ ਮਗਰੋਂ ਇੰਦਰਜੀਤ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਸ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ। ਜਿਸ ਨੂੰ ਆਧਾਰ ਬਣਾ ਕੇ ਇੰਦਰਜੀਤ ਸਿੰਘ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਠੱਗੀ ਦਾ ਕੇਸ ਦਰਜ ਕੀਤਾ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …