
ਨੇਬਰਹੁੱਡ ਪਾਰਕ ਵਿੱਚ ਟਰੈਕ ਨੂੰ ਤੋੜ ਕੇ ਨਵਾਂ ਬਣਾਉਣ ਦੇ ਨਾਂ ’ਤੇ ਕੀਤੀ ਜਾ ਰਹੀ ਹੈ ਪੈਸੇ ਦੀ ਬਰਬਾਦੀ: ਆਰਪੀ ਸ਼ਰਮਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੀ ਕੀਤੀ ਜਾਂਦੀ ਰਕਮ ਨੂੰ ਬਿਨਾ ਵਜ੍ਹਾ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਫੇਜ਼-6 ਵਿੱਚ ਬਣੇ ਨੇਬਰਹੱੁਡ ਪਾਰਕ ਵਿੱਚ ਵਿਕਾਸ ਕਾਰਜਾਂ ਦੇ ਨਾਮ ਤੇ 18 ਲੱਖ ਰੁਪਏ ਖ਼ਰਚਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਕੁੱਝ ਦਿਨ ਪਹਿਲਾਂ ਨਗਰ ਨਿਗਮ ਦੇ ਮੇਅਰ ਵੱਲੋਂ ਇੱਥੇ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਵੀ ਕੀਤਾ ਜਾ ਚੁੱਕਿਆ ਹੈ ਜਦੋਂਕਿ ਇਸ ਪਾਰਕ ਦੀ ਹਾਲਤ ਪਹਿਲਾਂ ਹੀ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਪਾਰਕ ਲੋਕਾਂ ਦੇ ਆਉਣ ਜਾਣ ਲਈ ਸੀਮਿੰਟ ਦਾ ਪੱਕਾ ਟਰੈਕ ਬਣਿਆ ਹੋਇਆ ਹੈ ਜਿਹੜਾ ਬਹੁਤ ਚੰਗੀ ਹਾਲਤ ਵਿੱਚ ਹੈ ਅਤੇ ਹਾਲੇ ਕਈ ਸਾਲ ਤਕ ਉਸਦੀ ਮੁਰੰਮਤ ਤੱਕ ਦੀ ਵੀ ਲੋੜ ਪੈਣ ਦੀ ਸੰਭਾਵਨਾ ਨਹੀਂ ਹੈ ਪ੍ਰੰਤੂ ਨਗਰ ਨਿਗਮ ਵੱਲੋਂ ਇਸ ਚੰਗੇ ਭਲੇ ਟਰੈਕ ਨੂੰ ਤੋੜ ਕੇ ਉਸ ਦੀ ਥਾਂ ਤੇ ਨਵਾਂ ਟਰੈਕ ਬਣਾਉਣ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਤਰੀਕੇ ਨਾਲ ਪਹਿਲਾਂ ਤੋਂ ਬਹੁਤ ਚੰਗੀ ਹਾਲਤ ਵਿੱਚ ਬਣੇ ਇਸ ਟਰੈਕ ਨੂੰ ਤੋੜ ਕੇ ਨਵਾਂ ਬਣਾਉਣ ਅਤੇ ਜਨਤਾ ਦੇ ਪੈਸੇ ਦੀ ਬਰਬਾਦੀ ਕਰਨ ਦੀ ਥਾਂ ਬਿਹਤਰ ਸੀ ਕਿ ਨਗਰ ਨਿਗਮ ਇਸ ਪੈਸੇ ਨੂੰ ਸ਼ਹਿਰ ਦੀਆਂ ਬਦਹਾਲ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਖ਼ਰਚ ਕਰਦਾ। ਇਸ ਪੈਸੇ ਨਾਲ ਕੋਵਿਡ ਦੇ ਮਰੀਜ਼ਾਂ ਲਈ ਆਕਸੀਜਨ ਜਾਂ ਦਵਾਈਆਂ ਆਦਿ ਦਾ ਪ੍ਰਬੰਧ ਹੋ ਸਕਦਾ ਸੀ ਪ੍ਰੰਤੂ ਨਗਰ ਨਿਗਮ ਵੱਲੋਂ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਉਨ੍ਹਾਂ ਨੂੰ ਕਿਸੇ ਵੱਡੇ ਘਪਲੇ ਦੀ ਸਾਜ਼ਿਸ਼ ਦਿੱਖ ਰਹੀ ਹੈ ਅਤੇ ਲੱਗਦਾ ਹੈ ਕਿ ਨਿਗਮ ਦੇ ਠੇਕੇਦਾਰ ਵੱਲੋਂ ਵਿਖਾਵੇ ਲਈ ਥੋੜ੍ਹਾ ਬਹੁਤ ਕੰਮ ਕਰਕੇ ਬਿੱਲ ਪਾਸ ਕਰਵਾ ਲਿਆ ਜਾਵੇਗਾ ਅਤੇ ਇਹ ਪੂਰੀ ਰਕਮ ਭ੍ਰਿਸ਼ਟ ਤਰੀਕੇ ਨਾਲ ਵੰਡ ਲਈ ਜਾਵੇਗੀ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਕੰਮ ’ਤੇ ਤੁਰੰਤ ਰੋਕ ਲਗਾਈ ਜਾਵੇ ਤਾਂ ਜੋ ਬਿਨਾ ਵਜ੍ਹਾ ਲੋਕਾਂ ਦੇ ਪੈਸੇ ਦੀ ਬਰਬਾਦੀ ਨਾ ਹੋਵੇ।