ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ: ਕਤਲ ਮਾਮਲੇ ਵਿੱਚ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ

ਪੀੜਤ ਵਿਅਕਤੀਆਂ ਵੱਲੋਂ ਪੁਲੀਸ ’ਤੇ ਮੁਲਜ਼ਮ ਧਿਰ ਦੇ ਨਾਲ ਰਾਜ਼ੀਨਾਮਾ ਕਰਨ ਲਈ ਦਬਾਅ ਪਾਉਣ ਦਾ ਦੋਸ਼

ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ, ਪੁਲੀਸ ਨੂੰ 25 ਅਪਰੈਲ ਤੱਕ ਦਾ ਅਲਟੀਮੇਟਮ

ਸ਼ਿਕਾਇਤ ਕਰਤਾਵਾਂ ਵੱਲੋਂ ਐਸਐਸਪੀ ਦਫ਼ਤਰ ਅੱਗੇ ਭੁੱਖ-ਹੜਤਾਲ ਸ਼ੁਰੂ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਪਿੰਡ ਦਾਊਮਾਜਰਾ ਵਿਚਾਲੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਲੜਾਈ ਝਗੜੇ ਦੌਰਾਨ ਅਵਤਾਰ ਸਿੰਘ ਉਰਫ਼ ਰਾਜੀ ਵਾਸੀ ਪਿੰਡ ਲਲਹੇੜੀ (ਖੰਨਾ) ਦੇ ਹੋਏ ਕਤਲ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਖਰੜ ਪੁਲੀਸ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਇਸ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਗੁਰਿੰਦਰ ਸਿੰਘ ਵਾਸੀ ਖਮਾਣੋਂ ਅਤੇ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਨੇ ਖਰੜ ਸਦਰ ਪੁਲੀਸ ’ਤੇ ਇਸ ਗੱਲ ਦਾ ਵੀ ਦੋਸ਼ ਲਾਇਆ ਹੈ ਕਿ ਇੱਕ ਮਹੀਨਾ ਪੰਦਰਾਂ ਦਿਨ ਗੁਜ਼ਰ ਜਾਣ ਤੋਂ ਬਾਅਦ ਵੀ ਪੁਲੀਸ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ‘ਤੇ ਉਨ੍ਹਾਂ ਉੱਤੇ ਮੁਲਜ਼ਮ ਧਿਰ ਦੇ ਨਾਲ ਸਮਝੌਤਾ ਕਰਨ ਦਾ ਦਬਾਅ ਪਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਵੀ ਪੁਲੀਸ ’ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੁਲੀਸ ਉਨ੍ਹਾਂ ਨੂੰ ਇਨਸਾਫ਼ ਦੇਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਉਕਤ ਮਾਮਲੇ ‘ਚ ਨਾਮਜ਼ਦ ਕਰਨ ਲਈ ਧਮਕਾ ਰਹੀ ਹੈ। ਉਨ੍ਹਾਂ ਇਸ ਸਬੰਧੀ ਐਸਐਸਪੀ ਮੁਹਾਲੀ ਨੂੰ ਵੀ ਇਸ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਬਦਲਣ ਸਬੰਧੀ ਸ਼ਿਕਾਇਤ ਦਿੱਤੀ ਸੀ ਪਰ ਉਨ੍ਹਾਂ ਦੀ ਇਸ ਸ਼ਿਕਾਇਤ ’ਤੇ ਵੀ ਕੋਈ ਗੌਰ ਨਹੀਂ ਕੀਤੀ ਗਈ।
ਗੁਰਿੰਦਰ ਸਿੰਘ ‘ਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਗੋਲਾ, ਮਨੀ, ਸੋਹਣਾ, ਜਸਪ੍ਰੀਤ ਸਿੰਘ ਤੇ ਹਰਮਨ ਦੇ ਖ਼ਿਲਾਫ਼ ਧਾਰਾ 302, 148, 149 ਦੇ ਤਹਿਤ ਕੇਸ ਦਰਜ ਕੀਤਾ ਸੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲੀਸ ਨੇ ਉਨ੍ਹਾਂ ਨੂੰ ਇਨਸਾਫ਼ ਨਾ ਦਿੱਤਾ ਤਾਂ ਐਸਐਸਪੀ ਦਫਤਰ ਦਾ ਘਿਰਾਅ ਤਾਂ ਕਰਨਗੇ ਹੀ ਨਾਲ ਹੀ ਉਹ ਆਉਣ ਵਾਲੇ ਦਿਨਾਂ ਵਿਚ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ।
ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰ ਹਲੇ ਵੀ ਸ਼ਰ੍ਹੇਆਮ ਘੁੰਮ ਰਹੇ ਹਨ ਜਦੋਂ ਕਿ ਉਨ੍ਹਾਂ ਵੱਲੋਂ ਕਈ ਵਾਰ ਥਾਣੇ ਜਾ ਕੇ ਪੁਲੀਸ ਨੂੰ ਇਸ ਬਾਰੇ ਸੁਚੇਤ ਵੀ ਕਰਵਾਇਆ ਗਿਆ ਹੈ ਪਰ ਲੱਗਦਾ ਹੈ ਪੁਲੀਸ ਕਿ ਕਿਸੇ ਸਿਆਸੀ ਦਬਾਅ ਦੇ ਚੱਲਦਿਆਂ ਹਮਲਾਵਰਾਂ ਨੂੰ ਫੜਨ ਲਈ ਤਿਆਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰ ਰਸੂਖਦਾਰ ’ਤੇ ਪੈਸੇ ਵਾਲੀ ਧਿਰ ਹੋਣ ਕਰਕੇ ਉਨ੍ਹਾਂ ਦੇ ਕੇਸ ਨੂੰ ਪੁਲੀਸ ਜਾਣ ਬੁੱਝ ਕੇ ਕਮਜ਼ੋਰ ਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਇਸ ਸਬੰਧੀ ਉਹ ਥਾਣਾ ਸਦਰ ਖਰੜ ਦੇ ਐਸਐਚਓ ਅਜੀਤਪਾਲ ਸਿੰਘ ਨਾਲ ਗੱਲ ਕਰਨ ਜਾਂਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਉਨ੍ਹਾਂ ’ਤੇ ਵੀ ਇਰਾਦਾ ਕਤਲ ਦਾ ਕਰਾਸ ਮਾਮਲਾ ਦਰਜ ਕਰ ਦੇਣਗੇ ਕਿਉਂਕਿ ਉਨ੍ਹਾਂ ਵੱਲੋਂ ਵੀ ਮੁਲਜ਼ਮ ਧਿਰ ’ਤੇ ਹਮਲਾ ਕੀਤਾ ਗਿਆ ਸੀ ਜਦੋਂਕਿ ਅਜਿਹਾ ਕੁਝ ਨਹੀਂ ਹੈ।
ਦੱਸਣਯੋਗ ਹੈ ਕਿ ਪਰਮਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਗੁਰਿੰਦਰ ਸਿੰਘ ਰੋਡਾ ਨੇ ਉਸ ਨੂੰ ਸੁਨੇਹਾ ਭੇਜ ਕੇ ਕਿਹਾ ਸੀ ਕਿ ਉਸ ਨੂੰ ਘਰ ਆ ਕੇ ਮਿਲੇ ਜਦੋਂ ਉਹ ਰੋਡੇ ਦੇ ਘਰ ਗਿਆ ਤਾਂ ਰੋਡੇ ਨੇ ਕਿਹਾ ਕਿ ਉਸ ਨੇ ਮਨੀ ਤੇ ਗੋਲੇ ਤੋਂ ਪਿੰਡ ਦਾਊਮਾਜਰਾ ਵਿਚਾਲੇ ਪੈਸੇ ਲੈਣ ਲਈ ਜਾਣਾ ਹੈ। ਜਿਸ ਕਰਕੇ ਉਹ ਅਵਤਾਰ ਸਿੰਘ ਰਾਜੀ, ਸਿਮਰਨ, ਸਲਮਾਨ ਤੇ ਬੇਅੰਤ ਸਿੰਘ ਊਧਮਪੁਰ ਰੋਡੇ ਦੀ ਗੱਡੀ ਵਿੱਚ ਬੈਠ ਕੇ ਪਿੰਡ ਦਾਊਮਾਜਰਾ ਪਹੁੰਚ ਗਏ। ਇਸ ਦੌਰਾਨ ਰੋਡਾ ਜਦੋਂ ਗੱਡੀ ਰੋਕ ਕੇ ਉਤਰਨ ਲੱਗਿਆ ਤਾਂ ਅਚਾਨਕ ਮਣੀ, ਗੋਲਾਂ ਅਤੇ ਜਸਪ੍ਰੀਤ ਉਰਫ ਜੱਸੂ ਅਤੇ ਹਰਮਨਪ੍ਰੀਤ ਸਿੰਘ ਨੇ ਕ੍ਰਿਪਾਨਾਂ ਅਤੇ ਡੰਡਿਆਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਰਮਨ ਨੇ ਆਪਣੀ ਕਿਰਪਾਨ ਦੇ ਨਾਲ ਅਵਤਾਰ ਸਿੰਘ ਰਾਜੀ ਦੀ ਕਮਰ ਵਿਚ ਵਾਰ ਕਰ ਦਿੱਤਾ। ਜਿਸ ਕਾਰਨ ਰਾਜ਼ੀ ਜ਼ਮੀਨ ਤੇ ਡਿੱਗ ਪਿਆ। ਇਸ ਤੋਂ ਬਾਅਦ ਹਰਮਨ ਨੇ ਗੁਰਿੰਦਰ ਸਿੰਘ ਰੋਡੇ ’ਤੇ ਵਾਰ ਕੀਤਾ ਅਤੇ ਕ੍ਰਿਪਾਨ ਉਸਦੀ ਬਾਂਹ ਵਿੱਚ ਵੱਜੀ। ਅਵਤਾਰ ਸਿੰਘ ਰਾਜ਼ੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਧਰ, ਇਸ ਸਬੰਧੀ ਖਰੜ ਸਦਰ ਥਾਣਾ ਦੇ ਐਸਐਚਓ ਅਜੀਤਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਲੀਸ ’ਤੇ ਕਿਸੇ ਕਿਸਮ ਦਾ ਸਿਆਸੀ ਦਬਾਅ ਨਹੀਂ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਕਈ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਨ੍ਹਾਂ ’ਚੋਂ ਇਕ ਮੁਲਜ਼ਮ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …