nabaz-e-punjab.com

ਮਨੀ ਲਾਂਡਰਿੰਗ ਕੇਸ: ਕਾਂਗਰਸ ਆਗੂ ਸੁਖਪਾਲ ਖਹਿਰਾ ਵਿਰੁੱਧ ਅਦਾਲਤ ਵਿੱਚ ਚਲਾਨ ਪੇਸ਼

ਨਿਆਇਕ ਹਿਰਾਸਤ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹੈ ਸੁਖਪਾਲ ਖਹਿਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਐਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਹੁ-ਚਰਚਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਵਿਰੁੱਧ ਸਖ਼ਤੀ ਕਾਨੂੰਨੀ ਘੇਰਾ ਮਜ਼ਬੂਤ ਕਰਦਿਆਂ ਅੱਜ ਮੁਹਾਲੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਵਿੱਚ ਈਡੀ ਨੇ ਖਹਿਰਾ ’ਤੇ ਗੰਭੀਰ ਦੋਸ਼ ਲਗਾਏ ਹਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ 20 ਜਨਵਰੀ ਦਾ ਦਿਨ ਨਿਰਧਾਰਿਤ ਕੀਤਾ ਹੈ। ਇਸ ਦਿਨ ਸੁਖਪਾਲ ਖਹਿਰਾ ਵਿਰੁੱਧ ਦੋਸ਼ ਆਇਦ ਕਰਨ ਦੀ ਕਾਰਵਾਈ ਸ਼ੁਰੂ ਹੋਵੇਗੀ। ਅਦਾਲਤ ਨੇ ਸੁਣਵਾਈ ਮੌਕੇ ਖਹਿਰਾ ਨੂੰ ਪੇਸ਼ ਕਰਨ ਲਈ ਕਿਹਾ ਹੈ। ਮੁਹਾਲੀ ਅਦਾਲਤ ਪਹਿਲਾਂ ਹੀ ਕਾਂਗਰਸ ਆਗੂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਚੁੱਕੀ ਹੈ। ਇਸ ਸਮੇਂ ਸੁਖਪਾਲ ਖਹਿਰਾ ਨਿਆਇਕ ਹਿਰਾਸਤ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਨ।
ਜ਼ਿਕਰਯੋਗ ਹੈ ਸੁਖਪਾਲ ਖਹਿਰਾ ਨੂੰ 11 ਨਵੰਬਰ 2021 ਨੂੰ ਉਕਤ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਦੇ ਸੈਕਟਰ-18 ਸਥਿਤ ਦਫ਼ਤਰ ਵਿੱਚ ਸੱਦਿਆ ਗਿਆ ਸੀ। ਜਿੱਥੇ ਮੁੱਢਲੀ ਪੁੱਛਗਿੱਛ ਦੌਰਾਨ ਕਾਂਗਰਸ ਆਗੂ ਦੀ ਗ੍ਰਿਫ਼ਤਾਰੀ ਪਾ ਲਈ ਗਈ ਸੀ। ਈਡੀ ਵੱਲੋਂ ਸਾਲ 2015 ਵਿੱਚ ਫਾਜ਼ਿਲਕਾ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ ਸੀ। ਸੁਖਪਾਲ ਖਹਿਰਾ ’ਤੇ ਵਿਦੇਸ਼ਾਂ ’ਚੋਂ ਚੰਦੇ ਦੇ ਰੂਪ ਵਿੱਚ ਪੈਸਾ ਇਕੱਠਾ ਕਰਨ ਦਾ ਗੰਭੀਰ ਦੋਸ਼ ਹੈ। ਪਿੱਛੇ ਜਿਹੇ ਈਡੀ ਨੇ ਕਰੀਬ 6 ਸਾਲ ਬਾਅਦ ਵਿੱਚ ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਵੀ ਨਾਮਜ਼ਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਪਿਛਲੇ ਕਰੀਬ ਦੋ ਮਹੀਨੇ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਨ।
ਹਾਲਾਂਕਿ ਖਹਿਰਾ ਨੇ ਜੇਲ੍ਹ ’ਚੋਂ ਬਾਹਰ ਆਉਣ ਲਈ ਖ਼ੁਦ ਨੂੰ ਬੇਕਸੂਰ ਦੱਸਦਿਆਂ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਲੇਕਿਨ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਪੀੜਤ ਪਰਿਵਾਰ ਅਤੇ ਬਚਾਅ ਪੱਖ ਸ਼ੁਰੂ ਤੋਂ ਖਹਿਰਾ ਵਿਰੁੱਧ ਈਡੀ ਦੀ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਆ ਰਹੇ ਹਨ ਅਤੇ ਖਹਿਰਾ ਨੂੰ ਡੂੰਘੀ ਸਾਜ਼ਿਸ਼ ਤਹਿਤ ਝੂਠੇ ਕੇਸ ਵਿੱਚ ਫਸਾਉਣ ਦੀ ਗੱਲ ਕਹੀ ਜਾ ਰਹੀ ਹੈ ਪ੍ਰੰਤੂ ਈਡੀ ਕਾਂਗਰਸ ਆਗੂ ਦੇ ਜੇਲ੍ਹ ’ਚੋਂ ਬਾਹਰ ਆਉਣ ਦੇ ਸਾਰੇ ਰਸਤੇ ਬੰਦ ਕਰਨ ਦੇ ਰੌਂਅ ਵਿੱਚ ਹੈ। ਉਧਰ, ਖਹਿਰਾ ਨੇ ਗ੍ਰਿਫ਼ਤਾਰੀ ਤੋਂ ਬਾਅਦ ਆਪਣੇ ਵਕੀਲਾਂ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੱਖਰੇ ਤੌਰ ’ਤੇ ਪਟੀਸ਼ਨ ਦਾਇਰ ਕਰਕੇ ਈਡੀ ਦੀ ਕਾਰਵਾਈ ਨੂੰ ਚੁਨੌਤੀ ਦਿੱਤੀ ਗਈ ਹੈ ਅਤੇ ਇਹ ਕਾਰਵਾਈ ਉੱਚ ਅਦਾਲਤ ਵਿੱਚ ਵਿਚਾਰ ਅਧੀਨ ਹੈ। ਫਿਲਹਾਲ ਖਹਿਰਾ ਦੇ ਜੇਲ੍ਹ ’ਚੋਂ ਬਾਹਰ ਆਉਣ ਦਾ ਰਾਹ ਨਜ਼ਰ ਨਹੀਂ ਆ ਰਿਹਾ ਹੈ।

Load More Related Articles

Check Also

ਪੀਐਮ ਈ-ਬੱਸ ਸੇਵਾ ਯੋਜਨਾ ਵਿੱਚ ਸ਼ਾਮਲ ਹੋਇਆ ਮੁਹਾਲੀ: ਡੀਸੀ ਕੋਮਲ ਮਿੱਤਲ

ਪੀਐਮ ਈ-ਬੱਸ ਸੇਵਾ ਯੋਜਨਾ ਵਿੱਚ ਸ਼ਾਮਲ ਹੋਇਆ ਮੁਹਾਲੀ: ਡੀਸੀ ਕੋਮਲ ਮਿੱਤਲ ਯੋਜਨਾ ਤਹਿਤ ਸ਼ਹਿਰ ਦੀਆਂ ਸੜਕਾਂ ’ਤ…