nabaz-e-punjab.com

ਮਨੀ ਲਾਂਡਰਿੰਗ ਕੇਸ: ਮੁਹਾਲੀ ਅਦਾਲਤ ਨੇ ਸੁਖਪਾਲ ਖਹਿਰਾ ਨੂੰ ਕਿਹੜੀ ਜੇਲ੍ਹ ਵਿੱਚ ਭੇਜਿਆ, ਪੜ੍ਹੋ ਪੂਰੀ ਰਿਪੋਰਟ

ਜ਼ਿਲ੍ਹਾ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਪਹੁੰਚੇ ਖਹਿਰਾ ਦੇ ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ

ਲੋਕ ਹਿੱਤ ਵਿੱਚ ਸਰਕਾਰਾਂ ਦੀਆਂ ਵਧੀਕੀਆਂ ਖ਼ਿਲਾਫ਼ ਹਮੇਸ਼ਾ ਲੜਦਾ ਰਹਾਂਗਾ: ਸੁਖਪਾਲ ਖਹਿਰਾ

‘ਕਾਂਗਰਸ ਦੀ ਬੁੱਕਲ ਵਿੱਚ ਬੈਠ ਕੇ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਰਚਨ ਵਾਲਿਆਂ ਦਾ ਛੇਤੀ ਪਰਦਾਫਾਸ਼ ਕੀਤਾ ਜਾਵੇਗਾ

‘ਮੇਰੇ ਪਿਤਾ ਨੂੰ ਸੱਚ ਬੋਲਣ ਤੇ ਹੱਕ-ਸੱਚ ਦੀ ਲੜਾਈ ਲੜਨ ਦੀ ਸਜਾ ਮਿਲੀ: ਮਹਿਤਾਬ ਸਿੰਘ ਖਹਿਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਨਵੰਬਰ:
ਐਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸੱਤ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਦੁਬਾਰਾ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜਨ ਖੁੱਲਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਉਧਰ, ਅੱਜ ਪੇਸ਼ੀ ਦੌਰਾਨ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਜਮ੍ਹਾ ਹੋਏ ਖਹਿਰਾ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਅਦਾਲਤ ਵਿੱਚ ਈਡੀ ਦੇ ਵਕੀਲਾਂ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਉਸਾਰੂ ਬਹਿਸ ਹੋਈ। ਈਡੀ ਦੇ ਵਕੀਲ ਨੇ ਖਹਿਰਾ ਦਾ ਪੁਲੀਸ ਰਿਮਾਂਡ ਵਧਾਉਣ ਦੀ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਆਗੂ ਜਾਂਚ ਟੀਮ ਨੂੰ ਸਹਿਯੋਗ ਨਹੀਂ ਦੇ ਰਹੇ ਹਨ। ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਈਡੀ ਦੀ ਕਾਰਵਾਈ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਖਹਿਰਾ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ। ਇਸ ਮਾਮਲੇ ਦੀ ਜਾਂਚ ਈਡੀ ਦੇ ਐਸਟੀਐਫ਼ ਵਿੰਗ ਨਵੀਂ ਦਿੱਲੀ ਵੱਲੋਂ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਸੁਖਪਾਲ ਖਹਿਰਾ ਨੂੰ ਬੀਤੀ 11 ਨਵੰਬਰ ਨੂੰ ਉਕਤ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਦੇ ਸੈਕਟਰ-18 ਸਥਿਤ ਦਫ਼ਤਰ ਵਿੱਚ ਸੱਦਿਆ ਗਿਆ ਸੀ। ਜਿੱਥੇ ਮੁੱਢਲੀ ਪੁੱਛਗਿੱਛ ਦੌਰਾਨ ਕਾਂਗਰਸ ਆਗੂ ਦੀ ਗ੍ਰਿਫ਼ਤਾਰੀ ਪਾ ਲਈ ਗਈ। ਈਡੀ ਵੱਲੋਂ ਸਾਲ 2015 ਵਿੱਚ ਫਾਜ਼ਿਲਕਾ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ। ਖਹਿਰਾ ’ਤੇ ਵਿਦੇਸ਼ਾਂ ’ਚੋਂ ਚੰਦੇ ਦੇ ਰੂਪ ਵਿੱਚ ਪੈਸਾ ਇਕੱਠਾ ਕਰਨ ਦਾ ਦੋਸ਼ ਹੈ। ਬਾਅਦ ਵਿੱਚ ਈਡੀ ਨੇ ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਵੀ ਨਾਮਜ਼ਦ ਕਰ ਲਿਆ ਗਿਆ।
(ਬਾਕਸ ਆਈਟਮ)
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਉਸ ਨੂੰ ਨਿਆਂਪਾਲਕਾ ’ਤੇ ਪੂਰਾ ਭਰੋਸਾ ਹੈ ਅਤੇ ਜਲਦੀ ਹੀ ਸਚਾਈ ਲੋਕਾਂ ਦੇ ਸਾਹਮਣੇ ਆ ਜਾਵੇਗੀ। ਉਸ ਨੇ ਆਪਣੀ ਗ੍ਰਿਫ਼ਤਾਰੀ ਨੂੰ ਮਹਿਜ ਸਿਆਸੀ ਸਾਜ਼ਿਸ਼ ਅਤੇ ਗੈਰ ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਤਾਂ ਪਹਿਲਾਂ ਹੀ ਉਸ ਦੇ ਖ਼ਿਲਾਫ਼ ਸੀ ਪ੍ਰੰਤੂ ਕਾਂਗਰਸ ਦੀ ਬੁੱਕਲ ਵਿੱਚ ਬੈਠੇ ਆਸਤੀਨ ਦੇ ਸੱਪ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਹਨ। ਜਿਨ੍ਹਾਂ ਦਾ ਜਲਦੀ ਹੀ ਪਰਦਾਫਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਕਮਰਾਨ ਅਤੇ ਮੇਰੇ ਆਪਣੇ ਅਜਿਹੀਆਂ ਹਰਕਤਾਂ ਕਰਕੇ ਉਸ ਦਾ ਮਨੋਬਲ ਨਹੀਂ ਤੋੜ ਸਕਦੇ ਹਨ। ਬਲਕਿ ਉਹ ਭਵਿੱਖ ਵਿੱਚ ਵੀ ਲੋਕ ਹਿੱਤ ਵਿੱਚ ਸਰਕਾਰਾਂ ਦੀਆਂ ਵਧੀਕੀਆਂ ਖ਼ਿਲਾਫ਼ ਆਪਣੀ ਜੰਗ ਜਾਰੀ ਰੱਖਣਗੇ।
ਖਹਿਰਾ ਨੇ ਉਸ ਦੇ ਖ਼ਿਲਾਫ਼ ਵਿਦੇਸ਼ਾਂ ’ਚੋਂ ਆਮ ਆਦਮੀ ਪਾਰਟੀ (ਆਪ) ਦੇ ਨਾਂ ’ਤੇ ਪੈਸੇ ਇਕੱਠੇ ਕਰਨ ਦੇ ਲੱਗੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ 16 ਸ਼ਹਿਰਾਂ ਵਿੱਚ ਗਏ ਸਨ ਅਤੇ ਉਸ ਦਾ ਵਿਦੇਸ਼ ਦੌਰਾ ‘ਆਪ’ ਵੱਲੋਂ ਸਪਾਂਸਰ ਕੀਤਾ ਗਿਆ ਸੀ। ਅਮਰੀਕਾ ਦੇ ਅਧਿਕਾਰਤ ਪੇਜ ’ਤੇ ਇਸ ਬਾਰੇ ਵਿਸਥਾਰ ਜਾਣਕਾਰੀ ਉਪਲਬਧ ਹੈ। ਖਹਿਰਾ ਨੇ ਕਿਹਾ ਕਿ ਸਾਰਾ ਪੈਸਾ ‘ਆਪ’ ਵਾਲੰਟੀਅਰਾਂ ਨੇ ਇਕੱਠਾ ਕਰਕੇ ਕੇਜਰੀਵਾਲ ਨੂੰ ਦਿੱਤਾ ਹੈ।
ਖਹਿਰਾ ਨੇ ਕਿਹਾ ਕਿ ਉਸ ਨੂੰ ਇਸ ਗੱਲ ਬਹੁਤ ਦੁੱਖ ਹੈ ਕਿ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਕਾਂਗਰਸ ਪਾਰਟੀ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਖਹਿਰਾ ਨੇ ਆਪਣੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦੱਸਦਿਆਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਫਾਜ਼ਿਲਕਾ ਡਰੱਗ ਮਾਮਲੇ ਵਿੱਚ ਹੇਠਲੀਆਂ ਅਦਾਲਤਾਂ ’ਤੇ ਸੁਣਵਾਈ ਕਰਨ ਤੋਂ ਰੋਕ ਲਗਾਈ ਹੋਈ ਹੈ।
(ਬਾਕਸ ਆਈਟਮ)
ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਸੁਖਪਾਲ ਖਹਿਰਾ ਦੇ ਸਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਈਡੀ ਦੇ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਸ ਦੇ ਪਿਤਾ ਨੂੰ ਸੱਚ ਬੋਲਣ ਅਤੇ ਹੱਕ ਸੱਚ ਦੀ ਲੜਾਈ ਲੜਨ ਦੀ ਸਜਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਪਰਿਵਾਰ ਪਿਛਲੇ 8-10 ਮਹੀਨਿਆਂ ਤੋਂ ਈਡੀ ਨੂੰ ਜਾਂਚ ਵਿੱਚ ਸਹਿਯੋਗ ਦਿੰਦਾ ਆ ਰਿਹਾ ਹੈ। ਉਸ ਦੀ ਮਾਂ, ਭੈਣ ਅਤੇ ਖ਼ੁਦ ਵੀ ਜਾਂਚ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਦੇ ਬਾਵਜੂਦ ਉਸ ਦੇ ਪਿਤਾ ਦੀ ਗ੍ਰਿਫ਼ਤਾਰੀ ਪਾਈ ਗਈ। ਉਨ੍ਹਾਂ ਦੱਸਿਆ ਕਿ ਈਡੀ ਅਤੇ ਪੁਲੀਸ ਵਧੀਕੀਆਂ ਦੇ ਰੋਸ ਵਜੋਂ ਖਹਿਰਾ ਵੱਲੋਂ ਸ਼ੁਰੂ ਕੀਤੀ ਭੁੱਖ-ਹੜਤਾਲ ਉਸ ਦੀ ਭੈਣ (ਖਹਿਰਾ ਦੀ ਧੀ) ਨੇ ਖ਼ਤਮ ਕਰਵਾ ਦਿੱਤੀ ਸੀ।

Load More Related Articles
Load More By Nabaz-e-Punjab
Load More In Agriculture & Forrest

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …