ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ: ਯੂਥ ਕਾਂਗਰਸ ਆਗੂ ’ਤੇ ਗੋਲੀ ਚਲਾਉਣ ਵਾਲਾ ਕਾਬੂ

ਭਾਰਤੀ ਫੌਜ ਦਾ ਭਗੌੜਾ ਸਿਪਾਹੀ ਫ਼ਰਾਰ, ਭਾਲ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਮੁਹਾਲੀ ਨਗਰ ਨਿਗਮ ਦੇ ਨੇੜੇ ਸੈਕਟਰ-68 ਦੀ ਮਾਰਕੀਟ ਵਿੱਚ ਅਰਬਨ ਦੇਸੀ ਚਾਹ ਵਾਲੀ ਦੁਕਾਨ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਮੁਲਜ਼ਮ ਜਸਵੰਤ ਸਿੰਘ ਵਾਸੀ ਰਾਮਪੁਰ ਪੀਲੀਭੀਤ (ਯੂਪੀ) ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਹੈ, ਜੋ ਇਸ ਸਮੇਂ ਗਿਲਕੋਵੈਲੀ ਸੁਸਾਇਟੀ ਵਿੱਚ ਰਹਿ ਰਿਹਾ ਸੀ ਜਦੋਂਕਿ ਉਸ ਦਾ ਸਾਥੀ ਅਦਿੱਤ ਸ਼ੌਕੀਨ ਫ਼ਰਾਰ ਦੱਸਿਆ ਜਾ ਰਿਹਾ ਹੈ। ਅਦਿੱਤ ਸ਼ੌਕੀਨ ਭਾਰਤੀ ਫੌਜ ਦਾ ਭਗੌੜਾ ਸਿਪਾਹੀ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਯੂਥ ਕਾਂਗਰਸ ਦੇ ਆਗੂ ਜਰਮਨਜੀਤ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 307 ਅਧੀਨ ਸੈਂਟਰਲ ਥਾਣਾ ਫੇਜ਼-8 ਵਿੱਚ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਜ ਸ਼ਾਮ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਦੋਵਾਂ ਧਿਰਾਂ ਵਿੱਚ ਝਗੜਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ। ਬੀਤੇ ਕੱਲ੍ਹ ਉਹ ਆਪਸੀ ਸਮਝੌਤੇ ਲਈ ਇਕੱਠੇ ਹੋਏ ਸੀ। ਪਹਿਲਾਂ ਉਨ੍ਹਾਂ ਨੇ ਬੈਠ ਕੇ ਖਾਧਾ-ਪੀਤਾ ਮਗਰੋਂ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਗੱਲ ਫਾਇਰਿੰਗ ਤੱਕ ਪਹੁੰਚ ਗਈ। ਦੇਖਦੇ ਹੀ ਦੇਖਦੇ ਮੁਲਜ਼ਮਾਂ ਨੇ ਪਿਸਤੌਲ ਕੱਢ ਕੇ ਸ਼ਿਕਾਇਤਕਰਤਾ ਵੱਲ ਫਾਇਰ ਕਰ ਦਿੱਤਾ। ਬਾਅਦ ਵਿੱਚ ਜਸਵੰਤ ਸਿੰਘ ਅਤੇ ਅਦਿੱਤ ਸ਼ੌਕੀਨ ਮੌਕੇ ਤੋਂ ਫ਼ਰਾਰ ਹੋ ਗਏ।
ਡੀਐਸਪੀ ਬੱਲ ਨੇ ਦੱਸਿਆ ਕਿ ਪੁਲੀਸ ਨੇ ਅੱਜ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ .45 ਬੋਰ ਦਾ ਪਿਸਤੌਲ ਅਤੇ ਕੁੱਝ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ ਜਦੋਂਕਿ ਫੌਜ ਦਾ ਭਗੌੜਾ ਅਦਿੱਤ ਸ਼ੌਕੀਨ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜਿਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਸਵੰਤ ਸਿੰਘ ਨੂੰ ਭਲਕੇ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਕੋਲੋਂ ਫ਼ਰਾਰ ਮੁਲਜ਼ਮ ਦੇ ਟਿਕਾਣੇ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…