
ਪੈਸਿਆਂ ਦਾ ਲੈਣ-ਦੇਣ: ਦੋਸਤ ਨਾਲ 55 ਲੱਖ ਠੱਗੀ ਮਾਰੀ, ਧੋਖਾਧੜੀ ਦਾ ਕੇਸ ਦਰਜ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜੁਲਾਈ:
ਮੁਹਾਲੀ ਦੇ ਵਸਨੀਕ ਬਲਬੀਰ ਸਿੰਘ ਵੱਲੋਂ ਆਪਣੇ ਦੋਸਤ ਨਾਲ 55 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਪੀੜਤ ਵਿਅਕਤੀ ਪਰਦੀਪ ਸਿੰਘ ਵਾਸੀ ਸੈਕਟਰ-20, ਚੰਡੀਗੜ੍ਹ ਦੀ ਸ਼ਿਕਾਇਤ ’ਤੇ ਇੱਥੋਂ ਦੇ ਫੇਜ਼-1 ਥਾਣੇ ਵਿੱਚ ਬਲਬੀਰ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 406 ਅਤੇ 420 ਦੇ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਮਨਫੂਲ ਸਿੰਘ ਨੇ ਪੁਲੀਸ ਨੇ ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਪ੍ਰੰਤੂ ਉਹ ਘਰੋਂ ਫਰਾਰ ਹੈ।
ਪਰਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬਲਬੀਰ ਸਿੰਘ ਉਸ ਦਾ ਦੋਸਤ ਹੈ। ਜਿਸ ਨੇ ਆਪਣੇ ਬੇਟੀ ਨੂੰ ਵਿਦੇਸ਼ ਭੇਜਣ ਦਾ ਬਹਾਨਾ ਲਗਾ ਕੇ ਉਸ ਤੋਂ 50 ਲੱਖ ਰੁਪਏ ਆਪਣੇ ਬੈਂਕ ਖ਼ਾਤੇ ਵਿੱਚ ਪੁਆ ਲਏ। ਮੁਲਜ਼ਮ ਦਾ ਕਹਿਣਾ ਸੀ ਕਿ ਬੇਟੀ ਨੂੰ ਬਾਹਰ ਭੇਜਣ ਲਈ ਖਾਤੇ ਵਿੱਚ ਪੈਸੇ ਸੋਅ ਕਰਨੇ ਜ਼ਰੂਰੀ ਹਨ। ਉਸ ਨੇ ਤਰਸ ਖਾ ਕੇ ਵੱਖ ਵੱਖ ਕਿਸਤਾਂ ਵਿੱਚ 50 ਲੱਖ ਰੁਪਏ ਦੇ ਦਿੱਤੇ ਲੇਕਿਨ ਬਾਅਦ ਵਿੱਚ ਉਸ ਨੇ ਪੈਸੇ ਨਹੀਂ ਮੋੜੇ। ਪੀੜਤ ਵਿਅਕਤੀ ਅਨੁਸਾਰ ਜਦੋਂ ਉਹ ਆਪਣੇ ਪੈਸੇ ਮੰਗਣ ਜਾਂਦਾ ਸੀ ਤਾਂ ਉਹ ਉਸ ਨੂੰ ਕੋਈ ਬਹਾਨਾ ਲਗਾ ਕੇ ਟਾਲ ਦਿੱਤਾ ਸੀ। ਇਸ ਮਗਰੋਂ ਬਲਬੀਰ ਨੇ ਆਪਣੇ ਪੀੜਤ ਦੋਸਤ ਨੂੰ ਫਿਰ ਤੋਂ ਵਰਗਲਾ ਕੇ ਕਿਹਾ ਕਿ ਉਹ ਬੈਂਕ ਤੋਂ ਲੋਨ ਲੈ ਰਿਹਾ ਹੈ ਅਤੇ ਜਲਦੀ ਉਸ ਦੇ ਪੈਸੇ ਮੋੜ ਦੇਵੇਗਾ ਪ੍ਰੰਤੂ ਜੇਕਰ ਉਹ ਉਸ ਨੂੰ ਪੰਜ ਲੱਖ ਰੁਪਏ ਦੇ ਦੇਵੇ ਤਾਂ ਉਸ ਦਾ ਲੋਨ ਦਾ ਕੰਮ ਛੇਤੀ ਹੋ ਸਕਦਾ ਹੈ। ਪੀੜਤ ਨੇ ਸਾਰੇ ਪੈਸੇ ਇਕੱਠੇ ਵਾਪਸ ਮਿਲਣ ਦੇ ਲਾਲਚ ਵਿੱਚ ਆ ਕੇ ਮੁਲਜ਼ਮ ਦੋਸਤ ਨੂੰ 5 ਲੱਖ ਹੋਰ ਦੇ ਦਿੱਤੇ ਲੇਕਿਨ ਬਾਅਦ ਵਿੱਚ ਉਹ ਪੈਸੇ ਮੋੜਨ ਤੋਂ ਮੁੱਕਰ ਗਿਆ ਅਤੇ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਪੀੜਤ ਵਿਅਕਤੀ ਨੇ ਉਨ੍ਹਾਂ ਦੇ ਘਰ ਜਾ ਕੇ ਪੈਸੇ ਮੰਗੇ ਘਰ ਵਾਲੇ ਉਲਟਾ ਉਸ ਦੇ ਹੀ ਗਲ ਪੈ ਗਏ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਉਹ ਉਸ ਦੇ ਨਾਮ ਖ਼ੁਦਕੁਸ਼ੀ ਨੋਟ ਲਿਖ ਕੇ ਆਤਮ ਹੱਤਿਆ ਕਰ ਲੈਣਗੇ। ਇਸ ਤਰ੍ਹਾਂ ਉਹ ਕਾਫੀ ਘਬਰਾ ਗਿਆ ਅਤੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਡੀਐਸਪੀ ਰੈਂਕ ਦੇ ਅਧਿਕਾਰੀ ਨੇ ਸ਼ਿਕਾਇਤ ਦੀ ਪੜਤਾਲ ਦੌਰਾਨ ਬਲਬੀਰ ਸਿੰਘ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਡੀਏ ਲੀਗਲ ਦੀ ਰਾਇ ਲੈ ਕੇ ਉਸ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ।