
ਪੈਸਿਆਂ ਦਾ ਲੈਣ-ਦੇਣ: ਪੰਜਾਬੀ ਗਾਇਕ ਆਰ ਨੇਤ ਨਾਲ ਹੱਥੋਪਾਈ, ਕੇਸ ਦਰਜ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਇੱਥੋਂ ਦੇ ਸੈਕਟਰ-70 ਸਥਿਤ ਹੋਮਲੈਂਡ ਮੈਗਾ ਹਾਊਸਿੰਗ ਸੁਸਾਇਟੀ ਵਿੱਚ ਰਹਿੰਦੇ ਪੰਜਾਬ ਦੇ ਮਸ਼ਹੂਰ ਗਾਇਕ ਆਰ ਨੇਤ ਦੀ ਸ਼ਿਕਾਇਤ ’ਤੇ ਸਰਨ, ਅਰਮਾਨ, ਮਾਹੀ, ਜੋਬਨ, ਮੰਗਲ, ਸਹਿਜਪਾਲ ਅਤੇ ਹੋਰਨਾਂ ਕਈ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਆਈਪੀਸੀ ਦੀ ਧਾਰਾ 295ਏ, 323, 452, 149, 506, 120ਬੀ ਦੇ ਤਹਿਤ ਕੇਸ ਦਰਜ ਕਰਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਾਰੇ ਵਿਅਕਤੀ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਗਾਇਕ ਆਰ ਨੇਤ (ਨੇਤਰਾਮ ਪੁੱਤਰ ਸਤਪਾਲ ਸ਼ਰਮਾ ਵਾਸੀ ਧਰਮਪੁਰਾ, ਮਾਨਸਾ) ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਉਹ ਹੋਮਲੈਂਡ ਵਿੱਚ ਰਹਿੰਦਾ ਹੈ। ਬੀਤੀ ਦੇਰ ਸ਼ਾਮ ਉਹ ਆਪਣੇ ਫਲੈਟ ਵਿੱਚ ਸੀ। ਉਸ ਦੇ ਇਕ ਗਾਣੇ ਦੀ ਵੀਡੀਓ ਤਿਆਰ ਕਰਵਾਈ ਸੀ। ਉਕਤ ਵਿਅਕਤੀਆਂ ਨੇ ਉਸ ਕੋਲੋਂ 3 ਲੱਖ 50 ਹਜ਼ਾਰ ਰੁਪਏ ਜ਼ਿਆਦਾ ਵਸੂਲ ਲਏ ਸੀ। ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਕਤ ਵਿਅਕਤੀ ਉਸ ਨਾਲ ਲੜਾਈ ਝਗੜਾ ਕਰਨ ’ਤੇ ਉਤਾਰੂ ਹੋ ਗਏ ਅਤੇ ਦੇਖਦੇ ਹੀ ਦੇਖਦੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਜਿਵੇਂ ਹੀ ਉਸ ਦੇ ਦੋਸਤ ਵੀਰਇੰਦਰ ਸਿੰਘ ਕਾਰੂ ਨੇ ਅੱਗੇ ਹੋ ਕੇ ਬਚਾਅ ਕਰਦਿਆਂ ਝਗੜਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਫੜ ਲਿਆ ਅਤੇ ਉਸ ਦੀ ਦਸਤਾਰ ਲਾਹ ਕੇ ਕੁੱਟਮਾਰ ਕੀਤੀ ਗਈ। ਹਮਲਾਵਰਾਂ ਨੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਬਾਅਦ ਵਿੱਚ ਲਲਕਾਰੇ ਮਾਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਨਾਲ ਤਾਲਮੇਲ ਕਰਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਅਤੇ ਹਮਲਾਵਰਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।
ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਮੁੱਢਲੀ ਜਾਂਚ ਵਿੱਚ ਜੋ ਕੋਈ ਵੀ ਕਸੂਰਵਾਰ ਪਾਇਆ ਗਿਆ। ਉਸ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।