
ਮੁਹਾਲੀ ਦੇ ਸੈਕਟਰ-69 ਵਿੱਚ ਖੂੰਖਾਰ ਬਾਂਦਰ ਨੇ 3 ਬੱਚਿਆਂ ਸਮੇਤ 5 ਵਿਅਕਤੀਆਂ ਨੂੰ ਕੀਤਾ ਜ਼ਖ਼ਮੀ
ਜੰਗਲੀ ਜੀਵ ਸੁਰੱਖਿਆ ਵਿਭਾਗ ਰੋਪੜ ਦੀ ਵਿਸ਼ੇਸ਼ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਾਂਦਰ ਨੂੰ ਕੀਤਾ ਕਾਬੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਸਥਾਨਕ ਸੈਕਟਰ-69 ਵਿੱਚ ਪਿਛਲੇ 5-6 ਦਿਨਾਂ ਤੋਂ ਇੱਕ ਬਾਂਦਰ ਨੇ ਬਹੁਤ ਦਹਿਸ਼ਤ ਫੈਲਾ ਰੱਖੀ ਹੈ। ਇਹ ਬਾਂਦਰ ਹੁਣ ਤੱਕ ਦੋ ਵਿਅਕਤੀਆਂ ਅਤੇ 3 ਬੱਚਿਆਂ ਨੂੰ ਕੱਟ ਚੁੱਕਿਆ ਹੈ ਅਤੇ ਕਈ ਘਰਾਂ ਦੀਆਂ ਰਸੋਈਆਂ ਵਿੱਚ ਜਾ ਕੇ ਤਬਾਹੀ ਮਚਾ ਚੁੱਕਿਆ ਹੈ। ਇਸ ਬਾਂਦਰ ਦੀ ਦਹਿਸ਼ਤ ਕਾਰਨ ਇਲਾਕੇ ਦੇ ਲੋਕ ਜਿਵੇਂ ਘਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਏ ਹਨ। ਬਾਂਦਰ ਦੀ ਦਹਿਸ਼ਤ ਕਾਰਨ ਇਲਾਕੇ ਦੇ ਬੱਚੇ ਦੋ ਦਿਨਾਂ ਤੋਂ ਸਕੂਲ ਹੀ ਨਹੀਂ ਗਏ। ਇਹ ਬਾਂਦਰ ਕਾਰਾਂ ਦੇ ਮਗਰ ਵੀ ਦੌੜਦਾ ਹੈ ਅਤੇ ਸਕੂਟਰਾਂ ਮੋਟਰਸਾਈਕਲਾਂ ਉੱਪਰ ਵੀ ਛਾਲ ਮਾਰ ਕੇ ਬੈਠ ਜਾਂਦਾ ਹੈ। ਇਹ ਬਾਂਦਰ ਬੱਚਿਆਂ ਨੂੰ ਵੀ ਡਰਾਉੱਦਾ ਹੈ ਜਿਸ ਕਰਕੇ ਬੱਚੇ ਸਕੂਲ ਜਾਣ ਤੋਂ ਡਰਨ ਲੱਗੇ ਹਨ ਅਤੇ ਡਰ ਕਾਰਨ ਘਰਾਂ ਤੋੱ ਬਾਹਰ ਨਹੀਂ ਨਿਕਲ ਰਹੇ।
ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਉਹਨਾਂ ਨੇ ਬਾਂਦਰ ਸਬੰਧੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਫਸਰ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਇਸ ਬਾਂਦਰ ਨੂੰ ਕਾਬੂ ਕਰਨ ਲਈ ਇਲਾਕੇ ਵਿੱਚ ਪਿੰਜਰਾ ਲਗਾ ਦਿੱਤਾ ਹੈ ਪਰ ਇਹ ਬਾਂਦਰ ਪਿੰਜਰੇ ਵੱਲ ਜਾਂਦਾ ਹੀ ਨਹੀਂ ਤੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਥਾਨਕ ਨਗਰ ਨਿਗਮ ਕੋਲ ਬਾਂਦਰਾਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਹੈ। ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਕਾਰਗੁਜਾਰੀ ਦੀ ਇਹ ਹਾਲਤ ਹੈ ਕਿ ਜੇ ਇਸੇ ਤਰ੍ਹਾਂ ਦੇ 3-4 ਬਾਂਦਰ ਸ਼ਹਿਰ ਵਿੱਚ ਆ ਗਏ ਤਾਂ ਸ਼ਹਿਰ ਵਾਸੀਆਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਬਾਂਦਰ ਦੀ ਦਹਿਸ਼ਤ ਕਾਰਨ ਇਲਾਕੇ ਦੇ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ।
ਉਹਨਾਂ ਕਿਹਾ ਕਿ ਬਾਂਦਰਾਂ ਅਤੇ ਹੋਰ ਜੰਗਲੀ ਜੀਵ ਨੂੰ ਫੜਨ ਲਈ ਟੀਮ ਅਤੇ ਸਮਾਨ ਰੋਪੜ ਤੋਂ ਮੰਗਾਉਣੀ ਪੈਂਦੀ ਹੈ, ਜਿਸ ਕਾਰਨ ਸਮਾਂ ਅਤੇ ਪੈਸਾ ਕਾਫੀ ਖਰਾਬ ਹੁੰਦਾ ਹੈ। ਮੁਹਾਲੀ ਸ਼ਹਿਰ ਵਿੱਚ ਬਾਂਦਰਾਂ ਅਤੇ ਹੋਰ ਜੰਗਲੀ ਜੀਵਾਂ ਤੋੱ ਲੋਕਾਂ ਨੂੰ ਬਚਾਉਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ, ਇਸ ਤਰ੍ਹਾਂ ਸ਼ਹਿਰ ਦੇ ਲੋਕਾਂ ਦੀ ਸਰੁੱਖਿਆ ਰੱਬ ਆਸਰੇ ਹੀ ਹੈ। ਉਹਨਾਂ ਮੰਗ ਕੀਤੀ ਕਿ ਮੁਹਾਲੀ ਸ਼ਹਿਰ ਵਿੱਚ ਵੀ ਬਾਂਦਰਾਂ ਤੇ ਹੋਰ ਜੰਗਲੀ ਜੀਵਾਂ ਨੂੰ ਕਾਬੂ ਕਰਨ ਵਾਲੀ ਟੀਮ ਅਤੇ ਸਮਾਨ ਦਾ ਪ੍ਰਬੰਧ ਕੀਤਾ ਜਾਵੇ।
ਜਦੋਂ ਇਸ ਸਬੰਧੀ ਜੰਗਲੀ ਜੀਵ ਸੁਰਖਿਆ ਵਿਭਾਗ ਦੇ ਰੇਂਜ ਅਫ਼ਸਰ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕੌਂਸਲਰ ਧਨੋਆ ਦੀ ਬਾਂਦਰ ਸਬੰਧੀ ਸ਼ਿਕਾਇਤ ਮਿਲਣ ਤੇ ਉਹਨਾਂ ਨੇ ਉਸ ਇਲਾਕੇ ਵਿੱਚ ਪਿੰਜਰੇ ਸਮੇਤ ਟੀਮ ਬਾਂਦਰ ਨੂੰ ਕਾਬੂ ਕਰਨ ਲਈ ਭੇਜੀ ਹੈ। ਉਹਨਾਂ ਨੂੰ ਪਤਾ ਲੱਗਿਆ ਹੈ ਕਿ ਬਾਂਦਰ ਪਿੰਜਰੇ ਵਿੱਚ ਕਾਬੂ ਨਹੀਂ ਆ ਰਿਹਾ, ਇਸ ਲਈ ਬਾਂਦਰ ਨੂੰ ਫੜਨ ਲਈ ਜਾਲ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਆਮ ਤੌਰ ਤੇ ਬਾਂਦਰ ਲੋਕਾਂ ਉਪਰ ਹਮਲਾ ਨਹੀਂ ਕਰਦੇ, ਇਹ ਬਾਂਦਰ ਜਾਂ ਤਾਂ ਜ਼ਖਮੀ ਹੋਵੇਗਾ ਜਾਂ ਫਿਰ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਵੇਗਾ। ਉਧਰ, ਅੱਜ ਦੇਰ ਸ਼ਾਮ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਪੀਲ ’ਤੇ ਰੋਪੜ ਤੋਂ ਮੁਹਾਲੀ ਪੁੱਜੀ ਵਿਸ਼ੇਸ਼ ਟੀਮ ਨੇ ਇਸ ਭੂਤਰੇ ਹੋਏ ਬਾਂਦਰ ਨੂੰ ਕਾਬੂ ਕਰ ਲਿਆ ਤਾਂ ਕਿਤੇ ਜਾ ਕੇ ਲੋਕਾਂ ਨੇ ਸੁੱਖ ਦਾ ਸ਼ਾਹ ਲਿਆ।