ਸੈਕਟਰ-67 ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਮੂਹਰੇ ਅਤੇ ਗੈਲਰੀਆਂ ’ਚ ਬੈਠੇ ਰਹਿੰਦੇ ਨੇ ਬਾਂਦਰ

ਜ਼ਬਰਦਸਤੀ ਲੋਕਾਂ ਦੇ ਘਰਾਂ ’ਚ ਵੜ ਕੇ ਫਰਿੱਜ ਖੋਲ੍ਹ ਕੇ ਚੀਜ਼ਾਂ ਖਾ ਪੀ ਰਹੇ ਨੇ ਬਾਂਦਰ

ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਇੱਕ ਦੂਜੇ ’ਤੇ ਦੂਜੀ ਸੁੱਟੀ ਜ਼ਿੰਮੇਵਾਰੀ

ਨਬਜ਼-ਏ-ਪੰਜਾਬ, ਮੁਹਾਲੀ, 1 ਦਸੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬਾਂਦਰਾਂ ਦੀ ਦਹਿਸ਼ਤ ਕਾਰਨ ਲੋਕ ਕਾਫ਼ੀ ਭੈਅ-ਭੀਤ ਹਨ। ਇੱਥੋਂ ਦੇ ਸੈਕਟਰ-67 ਵਿੱਚ ਘਰਾਂ ਦੀਆਂ ਗੈਲਰੀਆਂ, ਗੇਟਾਂ ਅਤੇ ਬਨੇਰਿਆਂ ਉੱਤੇ ਬਾਂਦਰ ਬੈਠੇ ਰਹਿੰਦੇ ਹਨ, ਜੋ ਕਈ ਵਾਰ ਘਰਦਿਆਂ ’ਤੇ ਝਪਟ ਪੈਂਦੇ ਹਨ। ਜਿਸ ਕਾਰਨ ਲੋਕਾਂ ਦਾ ਆਪਣੇ ਘਰਾਂ ਵਿੱਚ ਰਹਿਣਾ ਅਤੇ ਬਾਹਰ ਆਉਣਾ ਜਾਣਾ ਦੁੱਭਰ ਹੋਇਆ ਪਿਆ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਥਾਂ ਇੱਕ ਦੂਜੇ ’ਤੇ ਜ਼ਿੰਮੇਵਾਰੀ ਸੁੱਟੀ ਜਾ ਰਹੀ ਹੈ। ਇਹ ਸੈਕਟਰ ਨਗਰ ਨਿਗਮ ਦਫ਼ਤਰ ਦੇ ਬਿਲਕੁਲ ਸਾਹਮਣੇ ਹੈ ਅਤੇ ਜੰਗਲਾਤ, ਜੰਗਲੀ ਜੀਵ ਵਿਭਾਗ ਦਾ ਮੁੱਖ ਦਫ਼ਤਰ ਵੀ ਨੇੜੇ ਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ ਨੇ ਦੱਸਿਆ ਕਿ ਸੈਕਟਰ-67 ਵਿੱਚ ਲਗਪਗ ਇੱਕ ਮਹੀਨੇ ਤੋਂ ਬਾਂਦਰਾਂ ਨੇ ਦਹਿਸ਼ਤ ਮਚਾਈ ਹੋਈ ਹੈ, ਜੋ ਜ਼ਬਰਦਸਤੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਫਰਿੱਜ ਖੋਲ੍ਹ ਕੇ ਚੀਜ਼ਾਂ ਖਾ ਪੀ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆ ਬਾਰੇ ਦੱਸਿਆ ਜਾ ਚੁੱਕਾ ਹੈ ਲੇਕਿਨ ਅਧਿਕਾਰੀ ਬੇਵੱਸ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਬਾਂਦਰ ਬੱਚਿਆਂ ਅਤੇ ਬਜ਼ੁਰਗਾਂ ਦੇ ਪਿੱਛੇ ਭੱਜ ਲੈਂਦੇ ਹਨ। ਜਿਸ ਕਾਰਨ ਸੜਕ ’ਤੇ ਡਿੱਗ ਕੇ ਕਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੱਟਾਂ ਵੀ ਲੱਗੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਬਾਂਦਰਾਂ ਨੂੰ ਫੜਨ ਲਈ ਢਿੱਲਮੱਠ ਦਿਖਾਉਣ ਵਾਲੇ ਅਮਲੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬਾਂਦਰਾਂ ਨੂੰ ਫੜ ਕੇ ਜੰਗਲੀ ਇਲਾਕੇ ਵਿੱਚ ਛੱਡਿਆ ਜਾਵੇ।
ਜਥੇਦਾਰ ਕਰਤਾਰ ਸਿੰਘ ਨੇ ਸਮੂਹ ਸੈਕਟਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਵਾਰਾ ਕੁੱਤਿਆਂ ਅਤੇ ਹੋਰ ਲਾਵਾਰਸ ਜਾਨਵਰਾਂ ਨੂੰ ਆਪਣੇ ਘਰਾਂ ਅੱਗੇ ਗਲੀ ਤੇ ਸੜਕ ਵਿੱਚ ਖਾਣ-ਪੀਣ ਲਈ ਕੋਈ ਸਮਾਨ ਨਾ ਰੱਖਣ। ਕਿਉਂਕਿ ਇਸ ਨਾਲ ਜਿੱਥੇ ਰਿਹਾਇਸ਼ੀ ਖੇਤਰ ਵਿੱਚ ਗੰਦਗੀ ਫੈਲਦੀ ਹੈ, ਉੱਥੇ ਅਜਿਹੇ ਜਾਨਵਰ ਟੋਲੀਆਂ ਬਣ ਕੇ ਮੁਹੱਲੇ ਵਿੱਚ ਘੁੰਮਣ ਲੱਗ ਜਾਂਦੇ ਹਨ। ਉਨ੍ਹਾਂ ਲੋਕਾਂ ਨੂੰ ਸੁਝਾਅ ਦਿੱਤਾ ਕਿ ਆਵਾਰਾ ਕੁੱਤਿਆਂ ਅਤੇ ਲਾਵਾਰਸ ਪਸ਼ੂਆਂ ਲਈ ਰਿਹਾਇਸ਼ੀ ਖੇਤਰ ਤੋਂ ਬਾਹਰ ਖੁੱਲ੍ਹੀ ਥਾਂ ਵਿੱਚ ਖਾਣ-ਪੀਣ ਦਾ ਸਮਾਨ ਰੱਖਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…