ਮੌਨਸੂਨ: ਭਾਰੀ ਬਰਸਾਤ ਨਾਲ ਸ਼ਹਿਰੀ ਤੇ ਪੇਂਡੂ ਖੇਤਰ ਵਿੱਚ ਜਲਥਲ, ਲੋਕ ਡਾਢੇ ਪ੍ਰੇਸ਼ਾਨ

ਸੜਕਾਂ ਨੇ ਤਲਾਬ ਦਾ ਰੂਪ ਧਾਰਿਆ, ਸਰਕਾਰੀ ਸਕੂਲ ਲਾਂਡਰਾਂ ਤੇ ਘਰਾਂ ਵਿੱਚ ਪਾਣੀ ਵੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਮੌਨਸੂਨ ਦੇ ਆਉਣ ਨਾਲ ਜਿੱਥੇ ਮੌਸਮ ਸੁਹਾਵਣਾ ਹੋ ਗਿਆ ਹੈ, ਉੱਥੇ ਮੁਹਾਲੀ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਸੜਕਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਮੀਂਹ ਦਾ ਪਾਣੀ ਜਮ੍ਹਾ ਹੋਣ ਨਾਲ ਲੋਕਾਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਦੇ ਸੈਕਟਰ-85 ਸਥਿਤ ਬੇਵ ਸਟੇਟ ਅਤੇ ਪਿੰਡ ਲਾਂਡਰਾਂ ਸਮੇਤ ਮੁੱਖ ਸੜਕਾਂ ਨੇ ਤਲਾਬ ਦਾ ਰੂਪ ਧਾਰ ਲਿਆ। ਸਰਕਾਰੀ ਸਕੂਲ ਲਾਂਡਰਾਂ ਵਿੱਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ। ਜਿਸ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫ਼ੀ ਦਿੱਕਤਾਂ ਪੇਸ਼ ਆਈਆਂ। ਸਕੂਲ ਦਾ ਸਾਰਾ ਫਰਨੀਚਰ ਅਤੇ ਹੋਰ ਕਾਫ਼ੀ ਸਾਮਾਨ ਖ਼ਰਾਬ ਹੋ ਗਿਆ। ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਸਰਪੰਚ ਗੁਰਚਰਨ ਸਿੰਘ ਗਿੱਲ ਦੇ ਘਰ ਅੱਗਿਓਂ ਲੰਘਦੀ ਸੜਕ ’ਤੇ ਗੋਡੇ ਗੋਡੇ ਪਾਣੀ ਜਮ੍ਹਾ ਹੋ ਗਿਆ। ਸਰਪੰਚ ਨੇ ਆਪਣੇ ਘਰ ਅੱਗੇ ਰਿਕਸ਼ਾ ਰੇਹੜੀ ਲਗਾ ਕੇ ਲਾਂਘਾ ਬੰਦ ਕੀਤਾ ਗਿਆ। ਬੀਬੀ ਲਾਂਡਰਾਂ ਨੇ ਦੱਸਿਆ ਕਿ ਪਿੰਡ ਵਾਸੀ ਕਾਫ਼ੀ ਸਮੇਂ ਤੋਂ ਜਲ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਅੱਜ ਬਰਸਾਤ ਦਾ ਪਾਣੀ ਏਨਾ ਜ਼ਿਆਦਾ ਇਕੱਠਾ ਹੋ ਗਿਆ ਹੈ ਕਿ ਪਿੰਡ ਦੇ ਸਾਰੇ ਲਾਂਘੇ ਬੰਦ ਹੋ ਗਏ।
ਮੁਹਾਲੀ ਏਅਰਪੋਰਟ ਸੜਕ ’ਤੇ ਰੇਲਵੇ ਬ੍ਰਿਜ ਨੇੜੇ ਅਤੇ ਏਅਰਪੋਰਟ ਚੌਂਕ ਵਿੱਚ ਕਾਫ਼ੀ ਪਾਣੀ ਭਰ ਜਾਣ ਕਾਰਨ ਕਾਫ਼ੀ ਸਮੇਂ ਤੱਕ ਆਵਾਜਾਈ ਠੱਪ ਰਹੀ। ਇੰਜ ਹੀ ਖਰੜ ਲਾਂਡਰਾਂ ਅਤੇ ਫਲਾਈਓਵਰ ਦੇ ਹੇਠਾਂ ਲਾਂਘਿਆਂ ਵਿੱਚ ਮੀਂਹ ਦਾ ਪਾਣੀ ਖੜਾ ਹੋਣ ਕਾਰਨ ਵਾਹਨ ਚਾਲਕ ਜਾਮ ਵਿੱਚ ਫਸੇ ਦੇਖੇ ਗਏ। ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਅਤੇ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਸੈਕਟਰ-85 ਦੀਆਂ ਸੜਕਾਂ ’ਤੇ ਮੀਂਹ ਦਾ ਪਾਣੀ ਜਮ੍ਹਾ ਹੋਣ ਕਾਰਨ ਸੈਕਟਰ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਭਾਵੇਂ ਕਿ ਏਅਰਪੋਰਟ ’ਤੇ ਮੌਜੂਦ ਪੁਲੀਸ ਨੇ ਵਾਹਨਾਂ ਨੂੰ ਬਦਲਵੇਂ ਰਸਤੇ ਭੇਜਿਆ ਜਾ ਰਿਹਾ ਸੀ ਪਰ ਵਾਹਨ ਚਾਲਕਾਂ ਨੂੰ ਹੋਰਨਾਂ ਰਸਤਿਆਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਪੀਆਰਟੀਸੀ, ਹਰਿਆਣਾ ਰੋਡਵੇਜ ਦੀਆਂ ਬੱਸਾਂ ਸਮੇਤ ਹੋਰ ਵਾਹਨ ਇੱਧਰ ਉਧਰ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਖੱਜਲਖੁਆਰ ਹੁੰਦੇ ਰਹੇ। ਪਟਿਆਲਾ ਤੋਂ ਵਾਇਆ ਬਨੂੜ ਰਾਹੀਂ ਮੁਹਾਲੀ ਆਉਣ ਵਾਲੇ ਵਾਹਨਾਂ ਨੂੰ ਏਅਰਪੋਰਟ ਚੌਂਕ ਤੋਂ ਲਾਂਡਰਾਂ ਰੋਡ ਵੱਲ ਭੇਜਿਆ ਗਿਆ ਜਦੋਂਕਿ ਚੰਡੀਗੜ੍ਹ ਜਾਣ ਵਾਲੇ ਵਾਹਨ ਧਰਮਗੜ੍ਹ ਅਤੇ ਜਗਤਪੁਰਾ ਦੇ ਰਸਤੇ ਭੇਜੇ ਗਏ। ਬਰਸਾਤ ਦੇ ਪਾਣੀ ਨੇ ਸਵੇਰ ਤੋਂ ਹੀ ਲੰਮੇ ਜਾਮ ਅਤੇ ਦੇਰ ਹੋਣ ਕਾਰਨ ਰਾਹਗੀਰਾਂ ਦਾ ਜਨਜੀਵਨ ਮੁਹਾਲ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਕਈ ਸਕੂਲੀ ਬੱਸਾਂ ਵੀ ਟਰੈਫ਼ਿਕ ਜਾਮ ਵਿੱਚ ਫਸ ਗਈਆਂ। ਸਕੂਲ ਅਤੇ ਸਰਕਾਰੀ ਦਫ਼ਤਰਾਂ ਦਾ ਸਟਾਫ਼ ਵੀ ਦੇਰੀ ਨਾਲ ਪੁੱਜਾ। ਮੌਸਮ ਵਿਭਾਗ ਵੱਲੋਂ ਦੋ ਦਿਨ ਪਹਿਲਾਂ ਹੀ ਮੁਹਾਲੀ ਸਮੇਤ ਸਮੱੁਚੇ ਟਰਾਈਸਿਟੀ ਵਿੱਚ ਭਾਰੀ ਮੀਂਹ ਆਉਣ ਬਾਰੇ ਅਲਰਟ ਜਾਰੀ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…