
ਨਿੳਂੂ ਚੰਡੀਗੜ੍ਹ ਸਾਹਿਤਕ ਸੱਥ ਦੀ ਮਾਸਿਕ ਇਕੱਤਰਤਾ ਹੋਈ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 19 ਫਰਵਰੀ:
ਬਲਾਕ ਮਾਜਰੀ ਸਥਿਤ ਗੁਰਦਵਾਰਾ ਗੜ੍ਹੀ ਭੋਰਖਾ ਸਾਹਿਬ ਵਿੱਚ ਨਿਊਂ ਚੰਡੀਗੜ੍ਹ ਸਾਹਿਤਕ ਸੱਥ ਦੀ ਮਾਸਿਕ ਇਕੱਤਰਤਾ ਰਵਿੰਦਰ ਸਿੰਘ ਵਜੀਦਪੁਰ ਦੀ ਅਗਵਾਈ ਵਿੱਚ ਹੋਈ, ਜਿਸ ਦੌਰਾਨ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਉਘੇ ਗੀਤਕਾਰ ਅਤੇ ਕਲਾਕਾਰ ਲਾਭ ਸਿੰਘ ਚਤਾਮਲੀ ਅਤੇ ਮੋਹਨ ਸਿੰਘ ਦਾ ਸੱਥ ਵਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸੱਥ ਦਾ ਆਗਾਜ਼ ਮੁਖ ਮਹਿਮਾਨ ਲਾਭ ਸਿੰਘ ਚਤਾਮਲੀ ਨੇਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਆਪਣੇ ਗੀਤ ‘ਅਸੀਂ ਰਾਹੀ ਹਾਂ ਨਵੀਆਂ ਮੰਜ਼ਿਲਾਂ ਦੇ’ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਲਾਹਨਤਾਂ ਅਤੇ ਵੰਗਾਰ ਪਾਉਂਦਾ ਗੀਤ ‘ਬੇਗਾਨੇ ਪੁੱਤਾਂ ਤਾਂਈਂ ਨਸ਼ਿਆਂ ਤੇ ਨਾ ਲਾਓ’ ਗਾ ਕੇ ਕੀਤਾ ਤੇ ਮੋਹਨ ਸਿੰਘ ਨੇ ਦੋ ਰਚਨਾਵਾਂ ‘ਕਰਲੈ ਕੋਈ ਜੁਗਾੜ’ ਅਤੇ ‘ਨਾਂ ਕਰ ਛੇਤੀ ਛੇਤੀ ਛੇਤੀ’ ਪੇਸ਼ ਕੀਤੀਆਂ।
ਇਸ ਦੌਰਾਨ ਦਿਲਬਰ ਖ਼ੈਰਪੁਰ ਵਲੋਂ ‘ਪੰਡਿਤ ਜੀ’, ਸੁੱਚਾ ਸਿੰਘ ਮਸਤਾਨਾ ਵਲੋਂ ‘ਘੜੀ ਦੀਆਂ ਤਾਂਘਾਂ’, ‘ਆਪਣੇ ਦਿਨ ਭੁੱਲ ਗਈ’, ਚੰਨੀ ਖਿਜ਼ਰਾਬਾਦ ਵਲੋਂ ‘ਗ਼ਰੀਬੀ’, ‘ਚੰਨਾ ਵੇ ਚੰਨਾ’, ਆਜ਼ਾਦ ਮੀਆਂਪੁਰੀ ਵਲੋਂ ‘ਰੱਬ’ ਅਤੇ ਵਾਰਤਕ ‘ਮਾਂ’, ਰਵਿੰਦਰ ਸਿੰਘ ਵਜੀਦਪੁਰ ਵਲੋਂ ‘ਭੋਗ ਦੀ ਤਸਵੀਰ’, ਰਵਿੰਦਰ ਬੈਂਸ ਬਿੰਦਰਖ਼ ਵਲੋਂ ‘ਪਿੰਡ ਵਾਲੇ ਬਾਬੇ’, ‘ਪੁਆਧੀ ਅੰਦਾਜ਼ ‘ਬੌਰਾ ਤਾਇਆ’ ਅਤੇ ਅੰਤ ਵਿੱਚ ਆਜ਼ਾਦ ਸਫ਼ਰੀ ਨੇ ਵੀ ‘ਲਾਈਫ਼ ਕੀ ਹ’ੈ, ‘ਜ਼ਿੰਦਗੀ ਇੱਕ ਜੂਆ’ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ। ਇਸ ਮੌਕੇ ਹਰਜੀਤ ਸਿੰਘ ਹਰਮਨ ਅਤੇ ਅੱਛਰ ਸਿੰਘ ਕੰਸਾਲਾ ਵਲੋਂ ਮੁੱਖ ਮਹਿਮਾਨ ਲਾਭ ਸਿੰਘ ਚਤਾਮਲੀ ਨੂੰ ਸਿਰੋਪਾਓ ਅਤੇ ਸੱਥ ਵਲੋਂ ਪੁਸਤਕ ‘ਗੱਗਬਾਣੀ’ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।