Nabaz-e-punjab.com

ਸੈਕਟਰ-69 ਵਿੱਚ ਡੇਢ ਮਹੀਨੇ ਤੋਂ ਟਿਊਬਵੈੱਲ ਦੀ ਮਸ਼ੀਨਰੀ ਖਰਾਬ, ਪਾਣੀ ਦੀ ਸਪਲਾਈ ਪ੍ਰਭਾਵਿਤ

ਟਿਊਬਵੈੱਲ ਦੀ ਖਸਤਾ ਹਾਲਤ ਇਮਾਰਤ ਦੇ ਡਿੱਗਣ ਦਾ ਖ਼ਤਰਾ, ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਵੀ ਠੰਢੇ ਬਸਤੇ

ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ (ਮੁਹਾਲੀ), 10 ਅਪਰੈਲ-
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਐਤਕੀਂ ਫਿਰ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਾ ਮਿਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਹਾਲਾਂਕਿ ਗਮਾਡਾ ਨੇ ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਲਈ 80 ਐਮਜੀਡੀ ਸਮਰਥਾ ਵਾਲੀ ਫੇਜ਼-5 ਅਤੇ ਫੇਜ਼-6 ਦੋ ਨਵੀਆਂ ਪਾਈਪਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਪ੍ਰੰਤੂ ਹਾਲੇ ਤੱਕ ਵਾਟਰ ਟਰੀਟਮੈਂਟ ਪਲਾਂਟ ਵੀ ਨਹੀਂ ਬਣ ਸਕਿਆ ਹੈ। ਇਹੀ ਨਹੀਂ ਸ਼ਹਿਰ ਦੇ ਕਈ ਟਿਊਬਵੈੱਲ ਵੀ ਜਵਾਬ ਦੇ ਗਏ ਹਨ ਅਤੇ ਕਈ ਟਿਊਬਵੈੱਲਾਂ ਦੀ ਮਸ਼ੀਨਰੀ ਕਾਫੀ ਪੁਰਾਣੀ ਹੋਣ ਕਾਰਨ ਕੰਡਮ ਹੋ ਗਈ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਹੁਣੇ ਤੋਂ ਚਿੰਤਾ ਸਤਾਉਣ ਲੱਗ ਪਈ ਹੈ। ਜਲ ਸਪਲਾਈ ਵਿਭਾਗ ਦੇ ਸ਼ਹਿਰ ਵਿੱਚ 43 ਟਿਊਬਵੈਲ ਲੱਗੇ ਹੋਏ ਹਨ। ਜਿਨ੍ਹਾਂ ’ਚੋਂ 8 ਪਾਣੀ ਦੇ ਟਿਊਬਵੈੱਲ ਖਰਾਬ ਹਨ। ਇੰਝ ਹੀ ਗਮਾਡਾ ਦੇ ਕਈ ਟਿਊਬਵੈੱਲ ਬੰਦ ਪਏ ਹਨ। ਜਦੋਂਕਿ ਨਗਰ ਨਿਗਮ ਦੇ ਅਧਿਕਾਰੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ 50 ਟਿਊਬਵੈੱਲ ਚਲ ਰਹੇ ਹਨ। ਸਮਾਲ ਸਕੇਲ ਇੰਡਸਟਰੀ ਦੇ ਟਿਊਬਵੈੱਲ ਵੀ ਰੱਬ ਆਸਰੇ ਚੱਲ ਰਹੇ ਹਨ।
ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਇੱਥੋਂ ਦੇ ਰਿਹਾਇਸ਼ੀ ਖੇਤਰ ਸੈਕਟਰ-69 ਵਿੱਚ ਪਿਛਲੇ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਨੰਬਰ-2 ਖਰਾਬ ਪਿਆ ਹੈ। ਜਿਸ ਕਾਰਨ ਸੈਕਟਰ-68 ਅਤੇ ਸੈਕਟਰ-69 ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਜੇਕਰ ਇਹ ਹਾਲਾਤ ਪੈਦਾ ਹੋ ਗਏ ਹਨ ਤਾਂ ਜਦੋਂ ਗਰਮੀ ਪੂਰੇ ਜ਼ੋਰਾਂ ’ਤੇ ਹੋਵੇਗੀ ਤਾਂ ਉਸ ਸਮੇਂ ਪੈਦਾ ਹੋਣ ਵਾਲੇ ਹਾਲਾਤਾਂ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਂਜ ਵੀ ਸ਼ਹਿਰ ਵਿੱਚ ਧਰਤੀ ਹੇਠਲਾ ਪਾਣੀ ਕਾਫੀ ਡੂੰਘਾ ਚਲਾ ਗਿਆ ਹੈ। ਜਿਸ ਕਾਰਨ ਹਰੇਕ ਟਿਊਬਵੈੱਲ ਫੇਲ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਾਟਰ ਵਰਕਸ ਵਿੱਚ ਲੱਗੇ ਬਿਜਲੀ ਦੇ ਉਪਰਕਣ, ਸਾਜੋ ਸਮਾਨ ਅਤੇ ਮੋਟਰਾਂ ਕਾਫੀ ਖਸਤਾ ਹਾਲਤ ਵਿੱਚ ਹਨ ਅਤੇ ਇਨ੍ਹਾਂ ਦਾ ਸਹੀ ਤਰੀਕੇ ਨਾਲ ਰੱਖ-ਰਖਾਓ ਨਾ ਕਰਨ ਕਰਕੇ ਸਾਰੀ ਮਸ਼ੀਨਰੀ ਖਰਾਬ ਹੁੰਦੀ ਜਾ ਰਹੀ ਹੈ। ਇਹੀ ਨਹੀਂ ਪਾਣੀ ਦੇ ਟਿਊਬਵੈੱਲ ਦੀ ਇਮਾਰਤ ਦੀ ਹਾਲਤ ਵੀ ਕਾਫੀ ਖਸਤਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਇਸ ਇਮਾਰਤ ਦੀ ਮੁਰੰਮਤ ਨਹੀਂ ਕੀਤੀ ਗਈ ਤਾਂ ਕਿਸੇ ਵੇਲੇ ਵੀ ਢਹਿ ਢੇਰੀ ਹੋ ਸਕਦੀ ਹੈ।
ਅਕਾਲੀ ਆਗੂ ਸ੍ਰੀ ਧਨੋਆ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲ ਕੇ ਮੰਗ ਕੀਤੀ ਕਿ ਸ਼ਹਿਰ ਵਿੱਚ ਸਮੁੱਚੇ ਵਾਟਰ ਵਰਕਸ ਦੀ ਮਸ਼ੀਨਰੀ ਦੀ ਜਾਂਚ ਕੀਤੀ ਜਾਵੇ ਅਤੇ ਪੁਰਾਣੀ ਮਸ਼ੀਨਰੀ ਨੂੰ ਬਦਲ ਕੇ ਸਾਰੇ ਟਿਊਬਵੈੱਲਾਂ ਵਿੱਚ ਨਵੀਂ ਮਸ਼ੀਨਰੀ ਲਗਾਈ ਜਾਵੇ ਤਾਂ ਜੋ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਮਿਲ ਸਕੇ। ਅਕਾਲੀ ਕੌਂਸਲਰ ਦੇ ਦੱਸਣ ਅਨੁਸਾਰ ਗਮਾਡਾ ਅਧਿਕਾਰੀ ਉਨ੍ਹਾਂ ਨੂੰ ਟਿਊਬਵੈੱਲਾਂ ਦੀ ਸਹੀ ਤਰੀਕੇ ਨਾਲ ਰੱਖ ਰਖਾਓ ਦਾ ਭਰੋਸਾ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…