ਪੰਜਾਬ ਨੂੰ ਮਲੇਰੀਆ ਮੁਕਤ ਬਣਾਉਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ: ਡਾ. ਜਸਪਾਲ ਕੌਰ

ਜ਼ੀਰੋ ਮਲੇਰੀਆ ਦੀ ਸ਼ੁਰੂਆਤ ਮੇਰੇ ਤੋਂ ਹੁੰਦੀ ਹੈ ਵਿਸ਼ੇ ’ਤੇ ਮਨਾਇਆ ਰਾਜ ਪੱਧਰੀ ਵਿਸ਼ਵ ਮਲੇਰੀਆ ਦਿਵਸ

ਮਲੇਰੀਆ ਸਬੰਧੀ ਪੋਸਟਰ ਮੇਕਿੰਗ ਤੇ ਹੋਰ ਮੁਕਾਬਲਿਆਂ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ’ਤੇ ਪੰਜਾਬ ਰਾਜ ਸਿਹਤ ਤੇ ਪਰਿਵਾਰ ਭਲਾਈ ਤੇ ਸਿਖਲਾਈ ਸੰਸਥਾ ਫੇਜ਼-6 ਦੇ ਆਡੀਟੋਰੀਅਮ ਵਿੱਚ ‘ਜ਼ੀਰੋ ਮਲੇਰੀਆ ਦੀ ਸ਼ੁਰੂਆਤ ਮੇਰੇ ਤੋਂ’ ਵਿਸ਼ੇ ’ਤੇ ਸੂਬਾ ਪੱਧਰੀ ਸਮਾਰੋਹ ਕਰਵਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਡਾਇਰੈਕਟਰ ਡਾ. ਜਸਪਾਲ ਕੌਰ ਮੁੱਖ ਮਹਿਮਾਨ ਸਨ। ਪ੍ਰਧਾਨਗੀ ਡਾਇਰੈਕਟਰ ਈਐਸਆਈ ਡਾ. ਜਗਪਾਲ ਸਿੰਘ ਬੱਸੀ ਨੇ ਕੀਤੀ। ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਸਿਹਤ ਤੇ ਪਰਿਵਾਰ ਤੇ ਸਿਖਲਾਈ ਸੰਸਥਾ ਫੇਜ਼-6 ਦੇ ਪ੍ਰਿੰਸੀਪਲ ਡਾ. ਆਰ.ਪੀ. ਭਾਟੀਆ, ਵਿਸ਼ਵ ਸਿਹਤ ਸੰਗਠਨ ਦੇ ਸੂਬਾ ਮਲੇਰੀਆ ਅਫ਼ਸਰ ਡਾ. ਸੁਖਮਨਪ੍ਰੀਤ ਕੌਰ, ਨੈਸ਼ਨਲ ਇੰਸਟੀਚਿਊਟ ਆਫ਼ ਰਿਸਰਚ ਦੇ ਸਾਇੰਸਦਾਨ ਡਾ. ਐਸ.ਕੇ. ਸ਼ਰਮਾ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਨੂੰ ਚੋਪੜਾ ਦੁਸਾਂਝ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਡਾ. ਜਸਪਾਲ ਕੌਰ ਨੇ ਕਿਹਾ ਕਿ ਪੰਜਾਬ ਨੂੰ ਅਗਲੇ ਸਾਲ 2020 ਤੱਕ ਮਲੇਰੀਆ ਮੁਕਤ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਵਿਸ਼ਵ ਸਿਹਤ ਸੰਗਠਨ ਦਾ ਵੀ ਵਿਸ਼ੇਸ਼ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ’ਚੋਂ ਪੰਜਾਬ ਪਹਿਲਾ ਅਜਿਹਾ ਸੂਬਾ ਹੋਵੇਗਾ, ਜਿਸ ਨੂੰ ਮਲੇਰੀਆ ਮੁਕਤ ਘੋਸ਼ਿਤ ਕੀਤਾ ਜਾਵੇਗਾ। ਡਾ. ਜਸਪਾਲ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਮਲੇਰੀਆ ਡਰੱਗ ਪਾਲਿਸੀ ਅਨੁਸਾਰ ਇਲਾਜ ਕੀਤਾ ਜਾ ਰਿਹਾ ਹੈ ਅਤੇ ਹੁਣ ਰਾਜ ਵਿੱਚ ਮਲੇਰੀਆ ਦੇ ਬਹੁਤ ਘੱਟ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਮਲੇਰੀਆ ਐਨੋਫਲੀਜ਼ ਫੀਮੇਲ ਮੱਛਰ ਦੇ ਕੱਟਣ ਨਾਲ ਹੁੰਦਾ ਹੈ।
ਇਸ ਤੋਂ ਪਹਿਲਾਂ ਡਾ. ਜਗਪਾਲ ਸਿੰਘ ਬੱਸੀ ਨੇ ਮੈਡੀਕਲ ਸਟਾਫ਼ ਨੂੰ ਮਲੇਰੀਆ ਦੇ ਹਰੇਕ ਸ਼ੱਕੀ ਮਰੀਜ਼ ਦੀ ਪੂਰਨ ਜਾਂਚ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਮਰੀਜ਼ਾਂ ਵਿੱਚ ਮਲੇਰੀਆ ਦੀ ਜਾਂਚ ਲਈ ਸਲਾਈਡਾਂ ਬਣਾਈਆਂ ਜਾਣ। ਉਨ੍ਹਾਂ ਦੱਸਿਆ ਕਿ ਮਲੇਰੀਆ ਦੇ ਮਰੀਜ਼ ਨੂੰ ਕਾਂਬੇ ਨਾਲ ਬੁਖ਼ਾਰ ਚੜ੍ਹਦਾ ਹੈ, ਜੀਅ ਕੱਚਾ ਅਤੇ ਸਿਰ ਵਿੱਚ ਦਰਦ ਹੁੰਦਾ ਹੈ ਤਾਂ ਸਬੰਧਤ ਮਰੀਜ਼ ਨੂੰ ਬੁਖ਼ਾਰ ਦਾ ਪਤਾ ਲਗਾਉਣ ਲਈ ਤੁਰੰਤ ਖ਼ੂਨ ਦਾ ਟੈਸਟ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਨੂੰ ਚੋਪੜਾ ਦੁਸਾਂਝ ਨੇ ਦੱਸਿਆ ਕਿ ਸੂਬੇ ਨੂੰ ਮਲੇਰੀਆ ਮੁਕਤ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਵਿੱਚ ਆਮ ਲੋਕਾਂ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਦਾ ਮੱਛਰ ਪੈਦਾ ਹੋਣ ਤੋਂ ਰੋਕਣ ਲਈ ਹਰੇਕ ਵਿਅਕਤੀ ਨੂੰ ਆਪਣਾ ਘਰ ਅਤੇ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਸਟੇਟ ਮਲੇਰੀਆ ਅਫ਼ਸਰ ਡਾ. ਸੁਖਮਨਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਨੂੰ ਮਲੇਰੀਆ ਮੁਕਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਵਿੱਚ 1 ਹਜ਼ਾਰ ਪਿੱਛੇ 1 ਤੋਂ ਵੀ ਘੱਟ ਕੇਸ ਹੋਣ ਦੀ ਸੂਰਤ ਵਿੱਚ ਮਲੇਰੀਆ ਮੁਕਤ ਕੀਤਾ ਜਾ ਸਕਦਾ ਹੈ। ਐਸਕੇ ਸ਼ਰਮਾ ਨੇ ਵਿਸ਼ਵ ਵਿੱਚ ਮਲੇਰੀਆ ਦੀ ਆਮਦ, ਮਲੇਰੀਆ ਦਾ ਬੂਰੇ ਪ੍ਰਭਾਵ ਤੇ ਬਦਲਦੀਆਂ ਪ੍ਰਸਥਿਤੀਆਂ ਬਾਰੇ ਜਾਣੂ ਕਰਵਾਇਆ। ਸਮਾਰੋਹ ਦੌਰਾਨ ਮਲੇਰੀਆ ਸਬੰਧੀ ਪੋਸਟਰ ਮੇਕਿੰਗ ਅਤੇ ਹੋਰ ਮੁਕਾਬਲੇ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋਗਰਾਮ ਅਫ਼ਸਰ ਸ਼ਵਿੰਦਰ ਸਿੰਘ ਸਹਿਦੇਵ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ, ਸਹਾਇਕ ਪ੍ਰੋਗਰਾਮ ਅਫ਼ਸਰ ਡਾ. ਬਲਜੀਤ ਕੌਰ, ਸਿਹਤ ਸੁਪਰਵਾਈਜ਼ਰ ਬਹਾਦਰ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਰਾਮ, ਬਲਦੇਵ ਸਿੰਘ, ਜਗਮੋਹਨ ਸਿੰਘ, ਪਾਲ ਸਿੰਘ, ਗੁਰਲੀਨ ਸਿੰਘ, ਜਸਵਿੰਦਰ ਕੌਰ, ਮਨਜੀਤ ਕੌਰ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਸਮੂਹ ਸਿਹਤ ਸੁਪਰਵਾਈਜ਼ਰ ਅਤੇ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…