ਮੁਹਾਲੀ ਦੇ ਤਿੰਨ ਹੋਰ ਪੀੜਤ ਮਰੀਜ਼ ਠੀਕ ਹੋਏ, ਹੁਣ ਤੱਕ 60 ਮਰੀਜ਼ਾਂ ਨੇ ਦਿੱਤੀ ਕਰੋਨਾ ਨੂੰ ਮਾਤ

ਸਿਹਤਯਾਬ ਹੋਏ ਮਰੀਜ਼ਾਂ ਨੇ ਕਿਹਾ ਆਮ ਲੋਕਾਂ ਨੂੰ ਕਰੋਨਾਵਾਇਰਸ ਤੋਂ ਡਰਨ ਦੀ ਨਹੀਂ ਕੋਈ ਲੋੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
‘ਕਰੋਨਾਵਾਇਰਸ’ ਦੀ ਮਹਾਮਾਰੀ ਤੋਂ ਪੀੜਤ ਮੁਹਾਲੀ ਜ਼ਿਲ੍ਹੇ ਦੇ ਤਿੰਨ ਹੋਰ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ। ਕਰੋਨਾ ਨੂੰ ਮਾਤ ਦੇਣ ਵਾਲਿਆਂ ਵਿੱਚ ਰੂਪ ਕਿਸ਼ੋਰ (30) ਵਾਸੀ ਮੁੱਲਾਂਪੁਰ ਗਰੀਬਦਾਸ ਅਤੇ ਕਰਮਜੀਤ ਸਿੰਘ (47) ਅਤੇ ਸੁਬੇਗ ਸਿੰਘ (60) ਦੋਵੇਂ ਵਾਸੀ ਪਿੰਡ ਜਵਾਹਰਪੁਰ ਸ਼ਾਮਲ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਰੂਪ ਕਿਸ਼ੋਰ ਨੂੰ ਪੀਜੀਆਈ ਹਸਪਤਾਲ ’ਚੋਂ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਉਂਜ ਉਸ ਨੂੰ 14 ਦਿਨਾਂ ਲਈ ਇਕਾਂਤਵਾਸ ਤਹਿਤ ਆਪਣੇ ਘਰ ਤੋਂ ਬਾਹਰ ਨਾ ਨਿਕਲਣ ਦੇ ਆਦੇਸ਼ ਦਿੱਤੇ ਗਏ ਹਨ। ਪਿੰਡ ਜਵਾਹਰਪੁਰ ਦੇ ਠੀਕ ਹੋਏ ਦੋਵੇਂ ਮਰੀਜ਼ ਪਿਛਲੇ ਕਈ ਦਿਨਾਂ ਤੋਂ ਗਿਆਨ ਸਾਗਰ ਹਸਪਤਾਲ ਨੇੜੇ ਬਨੂੜ ਵਿੱਚ ਜੇਰੇ ਇਲਾਜ ਸਨ। ਫਿਲਹਾਲ ਇਨ੍ਹਾਂ ਨੂੰ ਘਰ ਨਹੀਂ ਭੇਜਿਆ ਜਾ ਰਿਹਾ ਹੈ। ਸਗੋਂ ਸਾਵਧਾਨੀ ਉਨ੍ਹਾਂ ਨੂੰ ਨਿਰੰਕਾਰੀ ਭਵਨ ਡੇਰਾਬੱਸੀ ਵਿੱਚ ਬਣਾਏ ਗਏ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਜਾਵੇਗਾ। 14 ਦਿਨਾਂ ਦਾ ਇਕਾਂਤਵਾਸ ਪੂਰਾ ਹੋਣ ਮਗਰੋਂ ਹੀ ਉਨ੍ਹਾਂ ਨੂੰ ਘਰ ਭੇਜਿਆ ਜਾਵੇਗਾ। ਤਾਂ ਜੋ ਉਨ੍ਹਾਂ ਨੂੰ ਮੁੜ ਕਿਸੇ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ।
ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਦੀ ਮਹਾਮਾਰੀ ਤੋਂ ਪੀੜਤ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 60 ਹੋ ਗਈ ਹੈ ਜਦਕਿ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 105 ਹੈ। ਜਿਨ੍ਹਾਂ ’ਚੋਂ ਤਿੰਨ ਪੀੜਤ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ 42 ਐਕਟਿਵ ਕੇਸ ਹਨ। ਉਨ੍ਹਾਂ ਕਿਹਾ ਕਿ ਇਲਾਜ ਅਧੀਨ ਮਰੀਜ਼ਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿੱਚ ਨਹੀਂ ਹੈ।
ਉਧਰ, ਠੀਕ ਹੋਏ ਪੀੜਤ ਮਰੀਜ਼ਾਂ ਨੇ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਲੋੜਾਂ ਦਾ ਵੀ ਖ਼ਿਆਲ ਰੱਖਿਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਰੋਨਾ ਦੀ ਮਹਾਮਾਰੀ ਤੋਂ ਬਿਲਕੁਲ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਜੇ ਚੰਗੀ ਖ਼ੁਰਾਕ ਖਾਧੀ ਜਾਵੇ ਅਤੇ ਹੋਰ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ ਤਾਂ ਸਹਿਜੇ ਹੀ ਕਰੋਨਾ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਵੀਰਵਾਰ ਨੂੰ 90 ਹੋਰ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜਦੋਂਕਿ 93 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤਰ੍ਹਾਂ ਅੱਜ ਵਾਲੇ ਮਿਲਾ ਕੇ ਕੁੱਲ 100 ਨਮੂਨਿਆਂ ਦੀ ਰਿਪੋਰਟਾਂ ਪੈਂਡਿੰਗ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…