
ਪੰਜਾਬ ਵਿੱਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, 1.81 ਲੱਖ ਟਨ ਮੱਛੀਆਂ ਦਾ ਉਤਪਾਦਨ
16 ਸਰਕਾਰੀ ਮੱਛੀ ਬੀਜ ਫਾਰਮਾਂ ਤੋਂ ਸਾਲਾਨਾ 14 ਕਰੋੜ ਮਿਆਰੀ ਮੱਛੀ ਪੂੰਗ ਤਿਆਰ ਕੀਤਾ: ਖੁੱਡੀਆਂ
ਮੱਛੀ ਪਾਲਣ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਰਾਜ ਪੱਧਰੀ ਸੈਮੀਨਾਰ ਦੌਰਾਨ ਸਫ਼ਲ ਮੱਛੀ ਪਾਲਕਾਂ ਦਾ ਸਨਮਾਨ
ਨਬਜ਼-ਏ-ਪੰਜਾਬ, ਮੁਹਾਲੀ, 30 ਮਾਰਚ:
ਮੱਛੀ ਪਾਲਣ ਖੇਤਰ ਵਿੱਚ ਪੰਜਾਬ ਕੁਦਰਤੀ ਪਾਣੀਆਂ, ਨਿੱਜੀ ਤਲਾਬਾਂ ਅਤੇ ਪੰਚਾਇਤੀ ਛੱਪੜਾਂ ਤੋਂ ਸਾਲਾਨਾ ਕੁੱਲ 1,81,188 ਟਨ ਮੱਛੀ ਪੈਦਾ ਕਰ ਰਿਹਾ ਹੈ। ਇਸ ਵੇਲੇ ਸੂਬੇ ਵਿੱਚ 43,973 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ। ਇਹ ਜਾਣਕਾਰੀ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ। ਉਹ ਅੱਜ ਮੁਹਾਲੀ ਦੇ ਸੈਕਟਰ-70 ਸਥਿਤ ਇੱਕ ਹੋਟਲ ਵਿੱਚ ਮੱਛੀ ਪਾਲਣ ਵਿਭਾਗ ਵੱਲੋਂ ਕਰਵਾਏ ਗਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਸ ਸੈਮੀਨਾਰ ਦਾ ਉਦੇਸ਼ ਮੱਛੀ ਪਾਲਕਾਂ ਨੂੰ ਨਵੀ ਤਕਨਾਲੋਜੀ, ਬਿਹਤਰ ਅਭਿਆਸਾਂ ਅਤੇ ਮੱਛੀ ਪਾਲਣ ਦੇ ਨਵੀਨ ਢੰਗ-ਤਰੀਕਿਆਂ ਬਾਰੇ ਜਾਗਰੂਕ ਕਰਨਾ ਸੀ। ਸੈਮੀਨਾਰ ਵਿੱਚ 300 ਤੋਂ ਵੱਧ ਕਿਸਾਨਾਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੇ ਕਪੂਰਥਲਾ ਦੇ ਦੋ ਅਗਾਂਹਵਧੂ ਮੱਛੀ ਪਾਲਕਾਂ ਅਮਿਤੇਸ਼ਵਰ ਸਿੰਘ ਗਿੱਲ ਅਤੇ ਪਰਮਿੰਦਰਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ।
ਸ੍ਰੀ ਖੁੱਡੀਆਂ ਨੇ ਦੱਸਿਆ ਕਿ ਮੱਛੀ ਪਾਲਣ ਸੈਕਟਰ ਦੀ ਮਜ਼ਬੂਤੀ ਲਈ 16 ਸਰਕਾਰੀ ਮੱਛੀ ਬੀਜ ਫਾਰਮਾਂ ’ਤੇ ਸਾਲਾਨਾ ਲਗਪਗ 14 ਕਰੋੜ ਮਿਆਰੀ ਪੂੰਗ ਤਿਆਰ ਕਰਕੇ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬੀ ਸੂਬਾ ਝੀਂਗਾ ਪਾਲਣ ਵਿੱਚ ਵੀ ਤਰੱਕੀ ਕਰ ਰਿਹਾ ਹੈ। ਪੰਜ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਹਜ਼ਾਰਾਂ ਏਕੜ ਜ਼ਮੀਨ ਪਹਿਲਾਂ ਸੇਮ ਕਾਰਨ ਅਤੇ ਖਾਰੇਪਣ ਕਰਕੇ ਖੇਤੀਬਾੜੀ ਦੇ ਯੋਗ ਨਹੀਂ ਸੀ। ਹੁਣ ਇਨ੍ਹਾਂ ਜ਼ਿਲ੍ਹਿਆਂ ਵਿੱਚ ਝੀਂਗਾ ਪਾਲਣ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ ਢਾਈ ਤੋਂ ਚਾਰ ਲੱਖ ਰੁਪਏ ਬੱਚਤ ਹੋ ਰਹੀ ਹੈ।
ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਕੇਂਦਰੀ ਸਪਾਂਸਰਡ ਸਕੀਮ ਤਹਿਤ 4 ਸਾਲਾਂ ਵਿੱਚ 618 ਪਰਿਵਾਰਾਂ ਨੂੰ 30 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਵੰਡੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖੁੱਡੀਆਂ ਦੀ ਅਗਵਾਈ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਮਾਰਗਦਰਸ਼ਨ ਹੇਠ ਵਿਭਾਗ ਇਸ ਸਮੇਂ ਮੱਛੀ ਪਾਲਣ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਕਿ ਮੱਛੀ ਅਤੇ ਝੀਂਗਾ ਪਾਲਣ ਅਧੀਨ ਰਕਬੇ ਨੂੰ ਵਧਾਉਣ, ਮੱਛੀ ਉਤਪਾਦਾਂ ਦੀ ਢੋਆ-ਢੁਆਈ ਲਈ ਵਾਹਨ, ਆਰਏਐਸ ਅਤੇ ਬਾਇਓ-ਫਲੌਕ ਯੂਨਿਟ, ਮੱਛੀ ਕਾਇਓਸਕ, ਮਿੰਨੀ ਫਿਸ਼ ਫੀਡ ਮਿੱਲਾਂ ਆਦਿ ਲਈ ਸਬਸਿਡੀ ਪ੍ਰਦਾਨ ਕਰ ਰਿਹਾ ਹੈ।
ਕਾਮਨ ਸਰਵਿਸ ਸੈਂਟਰ, ਪੰਜਾਬ ਦੇ ਮੁਖੀ ਭੁਪਿੰਦਰ ਸਿੰਘ ਨੇ ਮੱਛੀ ਪਾਲਕਾਂ ਨੂੰ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਡੇਟਾਬੇਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ ‘ਤੇ ਰਜਿਸਟ੍ਰੇਸ਼ਨ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ। ਡਿਪਟੀ ਡਾਇਰੈਕਟਰ ਗੁਰਪ੍ਰੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸਤਿੰਦਰ ਕੌਰ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਅਧੀਨ ਵੱਖ-ਵੱਖ ਪ੍ਰਾਜੈਕਟਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।