Nabaz-e-punjab.com

ਫਿਰੌਤੀ ਮਾਮਲਾ: ਬਸਪਾ ਵਿਧਾਇਕ ਮੁਖ਼ਤਾਰ ਅੰਸਾਰੀ ਖ਼ਿਲਾਫ਼ ਕਤਲ, ਗੁੰਡਾਗਰਦੀ ਸਮੇਤ 30 ਤੋਂ ਵੱਧ ਕੇਸ ਦਰਜ

ਪੁਲੀਸ ਨੇ ਕੇਸ ਬਾਰੇ ਕੁਝ ਦੱਸਣ ਤੋਂ ਚੁੱਪ ਧਾਰੀ, ਇੱਥੇ ਪਤਾ ਲੱਗਦੇ ਕਿਹੜਾ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਿਹੈ, ਕੀਹਦਾ ਨਾਂ ਦੱਸਾਂ: ਐਸਐਚਓ

ਅਪਰਾਧਿਕ ਗਤੀਵਿਧੀਆਂ ਕਾਰਨ ਬਸਪਾ ਨੇ 2010 ਵਿੱਚ ਅੰਸਾਰੀ ਨੂੰ ਪਾਰਟੀ ’ਚੋਂ ਬਰਖ਼ਾਸਤ ਕਰ ਦਿੱਤਾ ਸੀ

ਮੁਖ਼ਤਾਰ ਅੰਸਾਰੀ ਨੇ ਆਪਣੇ ਭਰਾ ਨਾਲ ਮਿਲ ਕੇ ਨਵੀਂ ਕੌਮੀ ਏਕਤਾ ਦਲ ਬਣਾਇਆ ਸੀ, 2017 ਵਿੱਚ ਮੁੜ ਬਸਪਾ ’ਚ ਰਲੇਵਾਂ ਕਰ ਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਮੁਹਾਲੀ ਦੇ ਇੱਕ ਨਾਮੀ ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਇਕ ਅਤੇ ਯੂਪੀ ਦੇ ਬਾਹੂਬਲੀ ਆਗੂ ਮੁਖਤਾਰ ਅੰਸਾਰੀ ਦੇ ਖ਼ਿਲਾਫ਼ ਪਹਿਲਾਂ ਹੀ ਕਤਲ, ਗੁੰਡਾਗਰਦੀ ਸਮੇਤ 30 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਇਹ ਵੀ ਪਤਾ ਲੱਗਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਨੂੰ ਡੌਨ ਵਜੋਂ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਫਿਰੌਤੀ ਮਾਮਲੇ ਵਿੱਚ ਵਿਧਾਇਕ ਮੁਖ਼ਤਾਰ ਅੰਸਾਰੀ ਪਿਛਲੇ ਦੋ ਦਿਨਾਂ ਤੋਂ ਮਟੌਰ ਪੁਲੀਸ ਦੀ ਹਿਰਾਸਤ ਵਿੱਚ ਹੈ, ਪ੍ਰੰਤੂ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਥਾਣਾ ਮੁਖੀ, ਜਾਂਚ ਅਧਿਕਾਰੀ ਸਮੇਤ ਕੋਈ ਵੀ ਪੁਲੀਸ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਮੁਲਜ਼ਮ ਵਿਧਾਇਕ ਨੂੰ ਅਦਾਲਤ ਵਿੱਚ ਪੇਸ਼ ਕਰਨ ਵਾਲੇ ਥਾਣੇਦਾਰ ਹਰਵਿੰਦਰ ਸਿੰਘ ਬਾਸੀ ਦਾ ਕਹਿਣਾ ਹੈ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਕਿਤੇ ਬਾਹਰ ਜਾ ਰਿਹਾ ਹੈ ਅਤੇ ਇਸ ਸਮੇਂ ਗੱਲ ਨਹੀਂ ਕਰ ਸਕਦਾ ਹੈ। ਉਸ ਨੇ ਪਲੀਜ਼ ਕਹਿ ਕੇ ਫੋਨ ਬੰਦ ਕਰ ਦਿੱਤਾ। ਡੀਐਸਪੀ (ਸਿਟੀ-1) ਅਮਰੋਜ਼ ਸਿੰਘ ਦਾ ਕਹਿਣਾ ਸੀ ਕਿ ਉਹ ਨਵਾਂ ਗਰਾਓਂ ਹੱਤਿਆ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ।
ਉਧਰ, ਥਾਣਾ ਮਟੌਰ ਦੇ ਐਸਐਚਓ ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਕੇਸ ਸਬੰਧੀ ਉਹ ਕੁਝ ਵੀ ਨਹੀਂ ਦੱਸ ਸਕਦੇ ਹਨ। ਲਿਹਾਜ਼ਾ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ, ਜਦੋਂ ਥਾਣਾ ਮੁਖੀ ਨੂੰ ਸੰਪਰਕ ਕਰਨ ਲਈ ਜਾਂਚ ਕਰ ਰਹੇ ਕਿਸੇ ਅਧਿਕਾਰੀ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਕੋਈ ਪਤਾ ਲੱਗਦਾ ਅਜਿਹੇ ਸੀਕਰੇਸੀ ਮਾਮਲੇ ਦੀ ਕਿਹੜਾ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਿਹਾ ਹੈ, ਇੱਥੇ ਸਾਈਬਰ ਸੈੱਲ ਤੇ ਇੰਟੈਲੀਜੈਂਸ ਵਾਲੇ ਹਨ। ਹੁਣ ਸਾਨੂੰ ਕੀ ਪਤਾ ਕੌਣ ਜਾਂਚ ਕਰ ਹੈ। ਮੈਂ ਕੀਹਦਾ ਨਾਂ ਦੱਸਾਂ, ਤੁਸੀਂ ਡੀਜੀਪੀ ਸਾਹਿਬ ਨਾਲ ਵੀ ਗੱਲ ਕਰ ਸਕਦੇ ਹੋ?
ਪ੍ਰਾਪਤ ਜਾਣਕਾਰੀ ਅਨੁਸਾਰ ਮੁਖ਼ਤਾਰ ਅੰਸਾਰੀ ਨੇ ਸਾਲ 1990 ਵਿੱਚ ਜੁਰਮ ਦੀ ਦੁਨੀਆ ਵਿੱਚ ਆਪਣੀ ਧੌਂਸ ਜਮਾਉਣੀ ਸ਼ੁਰੂ ਕਰ ਦਿੱਤਾ ਸੀ। ਕਾਫੀ ਗੁੰਡਾਗਰਦੀ ਤੋਂ ਬਾਅਦ ਉਹ 1995 ਵਿੱਚ ਰਾਜਨੀਤੀ ਵਿੱਚ ਆਇਆ ਸੀ ਅਤੇ ਪਹਿਲੀ ਵਾਰ 1996 ਵਿੱਚ ਯੂਪੀ ’ਚੋਂ ਵਿਧਾਇਕ ਚੁਣੇ ਗਏ ਸੀ। ਵਿਧਾਇਕ ਬਣਨ ਤੋਂ ਬਾਅਦ ਉਹ ਬ੍ਰਿਜੇਸ਼ ਸਿੰਘ ਲਈ ਵੱਡੀ ਚੁਣੌਤੀ ਬਣ ਗਏ ਸੀ। ਬ੍ਰਿਜੇਸ਼ ਭਾਜਪਾ ਦੇ ਸੀਨੀਅਰ ਆਗੂ ਤੇ ਵਿਧਾਇਕ ਰਹੇ ਕ੍ਰਿਸ਼ਨ ਨੰਦ ਰਾਏ ਦਾ ਸਮਰਥਕ ਸੀ। 2002 ਵਿੱਚ ਮੁਖ਼ਤਾਰ ਅੰਸਾਰੀ ਦੇ ਭਰਾ ਅਫਜਲ ਅੰਸਾਰੀ ਨੇ ਕ੍ਰਿਸ਼ਨਾ ਨੰਦ ਨੂੰ ਹਰਾਇਆ ਸੀ। ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਕ੍ਰਿਸ਼ਨ ਨੰਦ ਸਮੇਤ ਉਸ ਦੇ ਸੱਤ ਸਾਥੀ ਮਾਰੇ ਗਏ ਸੀ। ਇਸ ਕੇਸ ਦਾ ਚਸ਼ਮਦੀਦ ਗਵਾਹ ਸ਼ਸ਼ੀ ਕਾਂਤ ਰਾਏ ਦੀ 2006 ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਦੱਸਿਆ ਗਿਆ ਹੈ ਕਿ ਉਸ ਨੂੰ ਮੁਖ਼ਤਾਰ ਅੰਸਾਰੀ ਅਤੇ ਬਜਰੰਗੀ ਦੇ ਸ਼ੂਟਰਾਂ ਨੇ ਮੌਤ ਦੇ ਘਾਟ ਉਤਾਰਿਆ ਸੀ।
ਇਸ ਦੌਰਾਨ ਮੁਖ਼ਤਾਰ ਅੰਸਾਰੀ ਦੇ ਖ਼ਿਲਾਫ਼ ਕਤਲ, ਗੁੰਡਾਗਰਦੀ ਸਮੇਤ 30 ਤੋਂ ਵੱਧ ਕੇਸ ਦਰਜ ਹਨ। ਅੰਸਾਰੀ ’ਤੇ ਭਾਜਪਾ ਆਗੂ ਦੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚਨ ਦਾ ਵੀ ਦੋਸ਼ ਹੈ। ਸਾਲ 2010 ਵਿੱਚ ਅਪਰਾਧਿਕ ਗਤੀਵਿਧੀਆਂ ਕਾਰਨ ਬਸਪਾ ਨੇ ਮੁਖ਼ਤਾਰ ਅੰਸਾਰੀ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ ਅਤੇ ਯੂਪੀ ਦੇ ਮਊ ਹਲਕੇ ਤੋਂ ਵਿਧਾਇਕ ਬਣੇ। ਸੱਤ ਸਾਲ ਬਾਅਦ 2017 ਵਿੱਚ ਅੰਸਾਰੀ ਨੇ ਕੌਮੀ ਏਕਤਾ ਦਲ ਨੂੰ ਮੁੜ ਬਸਪਾ ਵਿੱਚ ਮਰਜ਼ ਕਰ ਲਿਆ ਅਤੇ ਬਸਪਾ ਦੀ ਟਿਕਟ ’ਤੇ ਚੋਣ ਜਿੱਤੀ। ਵਿਧਾਇਕ ਚੁਣੇ ਜਾਣ ਤੋਂ ਬਾਅਦ ਨਵੰਬਰ 2017 ਵਿੱਚ ਹੰਸਾਰੀ ਨੂੰ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ। ਪਿਛਲੇ ਸਾਲ 9 ਜਨਵਰੀ ਨੂੰ ਮੁਖ਼ਤਾਰ ਅੰਸਾਰੀ ਨੂੰ ਉਸ ਸਮੇਂ ਜੇਲ੍ਹ ਵਿੱਚ ਦਿਲ ਦਾ ਦੌਰਾ ਪੈ ਗਿਆ। ਇਹ ਦੇਖ ਕੇ ਜੇਲ੍ਹ ਵਿੱਚ ਮਿਲਣ ਆਈ ਉਸ ਦੀ ਪਤਨੀ ਅਫਸਾਨ ਅੰਸਾਰੀ ਨੂੰ ਵੀ ਦੌਰਾ ਪਿਆ ਸੀ। ਉਸ ਸਮੇਂ ਦੋਵਾਂ ਨੂੰ ਲਖਨਊ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …