ਦੂਜੇ ਰਾਜਾਂ ਤੋਂ ਝੋਨੇ ਦੀ ਤਸਕਰੀ ਰੋਕਣ ਲਈ 16 ਅੰਤਰਰਾਜੀ ਪ੍ਰਵੇਸ਼ ਪੁਆਇੰਟਾਂ ’ਤੇ ਵਧੇਰੇ ਚੌਕਸੀ ਰੱਖੀ ਜਾਵੇ: ਡੀਸੀ

ਡੀਸੀ ਈਸ਼ਾ ਕਾਲੀਆ ਵੱਲੋਂ ਝੋਨੇ ਦੀ ਬੋਗਸ ਬਿਲਿੰਗ ਅਤੇ ਰੀਸਾਈਕਲਿੰਗ ਦੀ ਜਾਂਚ ਦੇ ਨਿਰਦੇਸ਼

ਕਾਸ਼ਤਕਾਰਾਂ ਨੂੰ ਸਿੱਧੇ ਭੁਗਤਾਨ ਲਈ ਪੋਰਟਲ ’ਤੇ ਗਿਰਦਾਵਰੀਆਂ ਚੜ੍ਹਾਉਣ ਦਾ ਕੰਮ ਛੇਤੀ ਮੁਕੰਮਲ ਕਰਨ ਲਈ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਝੋਨੇ ਦੀ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਪੁਲੀਸ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਜ਼ਿਲ੍ਹੇ ਵਿੱਚ ਝੋਨੇ ਦੀ ਤਸਕਰੀ ਰੋਕਣ ਲਈ 16 ਅੰਤਰਰਾਜੀ ਚੈੱਕ ਪੁਆਇੰਟਾਂ ’ਤੇ ਵਧੇਰੇ ਚੌਕਸੀ ਰੱਖਣ ਲਈ ਕਿਹਾ ਹੈ। ਅੱਜ ਪੁਲੀਸ, ਖ਼ੁਰਾਕ ਸਪਲਾਈ, ਖੇਤੀਬਾੜੀ ਅਤੇ ਹੋਰ ਸਹਿਯੋਗੀ ਵਿਭਾਗਾਂ ਨਾਲ ਮੀਟਿੰਗ ਦੌਰਾਨ ਡੀਸੀ ਨੇ ਕਿਹਾ ਕਿ ਰਾਈਸ ਸ਼ੈਲਰਾਂ ਦੀ ਸਖ਼ਤੀ ਨਾਲ ਨਿਗਰਾਨੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਝੋਨੇ ਦੀ ਰੀਸਾਈਕਲਿੰਗ ਦੇ ਖ਼ਤਰੇ ਨੂੰ ਕਾਬੂ ਕੀਤਾ ਜਾ ਸਕੇ।
16 ਅੰਤਰਰਾਜੀ ਪ੍ਰਵੇਸ਼ ਪੁਆਇੰਟਾਂ ’ਤੇ ਵਧੇਰੇ ਸੁਚੇਤ ਹੋਣ ਦੀ ਹਦਾਇਤ ਕਰਦਿਆਂ ਡੀਸੀ ਨੇ ਕਿਹਾ ਕਿ ਝੋਨੇ ਦੀ ਤਸਕਰੀ ਰੋਕਣ ਲਈ ਸਾਰੇ ਸਬੰਧਤ ਵਿਭਾਗਾਂ ਦੇ ਨਾਲ ਤਾਲਮੇਲ ਕਰਕੇ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਖੇਤੀਬਾੜੀ ਅਤੇ ਮੰਡੀ ਬੋਰਡ ਅਧਿਕਾਰੀਆਂ ਨੂੰ ਝੋਨੇ ਦੀ ਖ਼ਰੀਦ ਲਈ ਤਿਆਰ ਰਹਿਣ ਦੇ ਆਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਸਮੁੱਚੀ ਕਾਰਵਾਈ ਦੌਰਾਨ ਅਨਾਜ ਮੰਡੀਆਂ ਵਿੱਚ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਮਨੁੱਖੀ ਜੀਵਨ ਲਈ ਇੱਕ ਵੱਡਾ ਖ਼ਤਰਾ ਬਣ ਰਹੀ ਹੈ। ਇਸ ਲਈ ਖ਼ਰੀਦ ਦੌਰਾਨ ਮੈਡੀਕਲ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕਾਸ਼ਤਕਾਰਾਂ ਨੂੰ ਸਿੱਧੇ ਭੁਗਤਾਨ ਲਈ ਪੋਰਟਲ ‘ਤੇ ਗਿਰਦਾਵਰੀਆਂ ਚੜ੍ਹਾਉਣ ਦੇ ਕੰਮ ਨੂੰ ਛੇਤੀ ਕਰਨ ਦੇ ਆਦੇਸ਼ ਵੀ ਦਿੱਤੇ।
ਡੀਸੀ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕਰੇਗੀ ਕਿ ਕਿਸਾਨਾਂ ਦੀ ਫ਼ਸਲ ਅਨਾਜ ਮੰਡੀਆਂ ਤੋਂ ਨਿਰਵਿਘਨ ਅਤੇ ਮੁਸ਼ਕਲ ਰਹਿਤ ਢੰਗ ਨਾਲ ਚੁੱਕੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵੇਲੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਖ਼ਰੀਦ ਤੋਂ ਇਲਾਵਾ ਅਨਾਜ ਦੀ ਲਿਫ਼ਟਿੰਗ, ਢੋਆ-ਢੁਆਈ ਅਤੇ ਭੰਡਾਰਨ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਸਮੂਹ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਝੋਨੇ ਦੀ ਨਿਰਧਾਰਿਤ ਹਿੱਸੇਦਾਰੀ ਅਨੁਸਾਰ ਝੋਨੇ ਦੀ ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਖ਼ਰੀਦ ਕਾਰਜਾਂ ਦੀ ਖ਼ੁਦ ਨਿਗਰਾਨੀ ਕਰਨ ’ਤੇ ਜ਼ੋਰ ਦਿੱਤਾ।
ਸ੍ਰੀਮਤੀ ਕਾਲੀਆ ਨੇ ਹਰੇਕ ਖ਼ਰੀਦ ਕੇਂਦਰ ਵਿੱਚ ਕਣਕ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਲਈ ਬਿਜਲੀ, ਕਿਸਾਨਾਂ ਲਈ ਸ਼ੈੱਡ, ਪੀਣ ਯੋਗ ਪਾਣੀ ਦੀ ਸਪਲਾਈ ਅਤੇ ਉਪਕਰਨਾਂ ਦੀ ਲੋੜੀਂਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਡੀਸੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਕਰੋਨਾਵਾਇਰਸ ਦੇ ਫੈਲਣ ਤੋਂ ਬਚਣ ਲਈ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਸਾਨਾਂ ਨੂੰ ਨਮੀ ਰਹਿਤ ਅਨਾਜ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਏਡੀਸੀ (ਜਨਰਲ) ਸ੍ਰੀਮਤੀ ਕੋਮਲ ਮਿੱਤਲ, ਏਡੀਸੀ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਐਸਡੀਐਮ ਹਰਬੰਸ ਸਿੰਘ, ਐਸਡੀਐਮ ਖਰੜ ਆਕਾਸ਼ ਬਾਂਸਲ ਅਤੇ ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ ਅਤੇ ਹੋਰ ਹਾਜ਼ਰ ਸਨ।

Load More Related Articles

Check Also

VB nabs General Manager PUNSUP red handed accepting Rs 1 lakh bribe

VB nabs General Manager PUNSUP red handed accepting Rs 1 lakh bribe Official car also take…