
ਮੋਰਿੰਡਾ ਬੇਅਦਬੀ ਮਾਮਲਾ: ਮੁਹਾਲੀ ਪੁਲੀਸ ਵੀ ਚੌਕਸ ਹੋਈ, ਗੁਰੂਘਰਾਂ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕੀਤੀਆਂ ਚੈੱਕ
ਡੀਐਸਪੀ ਬੱਲ ਨੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਚੌਕਸੀ ਵਰਤਣ ਲਈ ਕਿਹਾ
ਸੀਸੀਟੀਵੀ ਕੈਮਰਿਆਂ ਨੂੰ ਚਾਲੂ ਹਾਲਤ ’ਚ ਰੱਖਣ ਅਤੇ ਪਾਵਰ ਬੈਕਅੱਪ ਰੱਖਣ ਲਈ ਪ੍ਰੇਰਿਆ
ਐਸ.ਏ.ਐਸ. ਨਗਰ (ਮੁਹਾਲੀ), 25 ਅਪਰੈਲ
ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਮੁਹਾਲੀ ਪੁਲੀਸ ਵੀ ਚੌਕਸ ਹੋ ਗਈ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਮੇਤ ਹੋਰ ਵੱਖ-ਵੱਖ ਧਾਰਮਿਕ ਅਸਥਾਨਾਂ ਦਾ ਦੌਰਾ ਕਰਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਅਤੇ ਪ੍ਰਬੰਧਕਾਂ ਨੂੰ ਹੋਰ ਵਧੇਰੇ ਚੌਕਸੀ ਵਰਤਣ ਲਈ ਪ੍ਰੇਰਦਿਆਂ ਸੀਸੀਟੀਵੀ ਕੈਮਰਿਆਂ ਨੂੰ ਚਾਲੂ ਹਾਲਤ ਵਿੱਚ ਰੱਖਣ ਅਤੇ ਪਾਵਰ ਬੈਕ-ਅੱਪ ਦਾ ਇੰਤਜ਼ਾਮ ਕਰਨ ਲਈ ਆਖਿਆ ਤਾਂ ਜੋ ਬਿਜਲੀ ਕੱਟ ਦੌਰਾਨ ਵੀ ਸੀਸੀਟੀਵੀ ਕੈਮਰੇ ਚਲਦੇ ਰਹਿਣ।
ਡੀਐਸਪੀ ਬੱਲ ਨੇ ਦੱਸਿਆ ਕਿ ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਪੁਲੀਸ ਵੱਲੋਂ ਜ਼ਿਲ੍ਹਾ ਪੁਲੀਸ ਦੇ ਸਬ ਡਿਵੀਜ਼ਨ-2 ਅਧੀਨ ਪੈਂਦੇ ਖੇਤਰ ਵਿਚਲੇ ਸਮੂਹ ਗੁਰਦੁਆਰਾ ਸਾਹਿਬਨਾਂ ਸਮੇਤ ਹੋਰਨਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ, ਮੁੱਖ ਸੇਵਾਦਾਰਾਂ ਅਤੇ ਮੈਨੇਜਰਾਂ ਨਾਲ ਗੱਲ ਕਰਕੇ ਉਨ੍ਹਾਂ ਵਿਸ਼ੇਸ਼ ਚੌਕਸੀ ਵਰਤਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੇਵਾਦਾਰ ਜਾਂ ਪ੍ਰਬੰਧਕ ਨੂੰ ਕੁੱਝ ਵੀ ਸ਼ੱਕੀ ਲੱਗੇ ਤਾਂ ਤੁਰੰਤ ਉਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਨੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਚੰਗੀ ਕਵਾਲਿਟੀ ਦੇ ਸੀਸੀਟੀਵੀ ਕੈਮਰੇ ਲਗਾਉਣ ਲਈ ਕਿਹਾ ਗਿਆ। ਜਿਸ ਵਿੱਚ ਵਿਅਕਤੀ ਦੇ ਚਿਹਰੇ ਦੀ ਪਛਾਣ ਹੋ ਸਕੇ ਅਤੇ ਕਿਸੇ ਵੀ ਵਾਰਦਾਤ ਹੋਣ ’ਤੇ ਮੁਲਜ਼ਮ ਨੂੰ ਤੁਰੰਤ ਕਾਬੂ ਕੀਤਾ ਜਾ ਸਕੇ।