nabaz-e-punjab.com

ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਜ਼ਿਆਦਾਤਰ ਅਧਿਆਪਕਾਂ ਨੂੰ ਜਨਵਰੀ ਤੇ ਫਰਵਰੀ ਮਹੀਨੇ ਦੀ ਨਹੀਂ ਮਿਲੀ ਤਨਖ਼ਾਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਉਂਦੇ ਜ਼ਿਆਦਾਤਰ ਅਧਿਆਪਕਾਂ ਅਤੇ ਦਫ਼ਤਰੀ ਸਟਾਫ਼ ਨੂੰ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕਾਂ ਅਤੇ ਦਫ਼ਤਰੀ ਸਟਾਫ਼ ਦੀ ਤਨਖ਼ਾਹਾਂ ਸਬੰਧੀ ਪੰਜਾਬ ਸਰਕਾਰ ਨੇ ਲੋੜੀਂਦਾ ਬਜ਼ਟ ਨਹੀਂ ਭੇਜਿਆ ਗਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ਼) ਦੇ ਜ਼ਿਲ੍ਹਾ ਮੁਹਾਲੀ ਦੇ ਕਨਵੀਨਰ ਅਮਰੀਕ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਨੇ ਅਧਿਆਪਕਾਂ ਵੱਲੋਂ ਇਸ ਸਬੰਧੀ ਕਈ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਕਾਂਗਰਸ ਸਰਕਾਰ ਅਤੇ ਨਵੀਂ ਬਣੀ ਆਪ ਸਰਕਾਰ ਨੇ ਕੋਈ ਠੋਸ ਉਪਰਾਲਾ ਨਹੀਂ ਕੀਤਾ, ਸਗੋਂ ਖਜ਼ਾਨੇ ’ਚੋਂ ਅਦਾਇਗੀਆਂ ਰੋਕਣ ਦੀਆਂ ਕੰਨਸੋਆਂ ਹਨ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਰੁਕੀਆਂ ਤਨਖ਼ਾਹਾਂ ਦੇ ਮਾਮਲੇ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਸਮੇਤ ਕਈ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਤਨਖ਼ਾਹਾਂ ਬਣਾਉਣ ਅਤੇ ਜੁਲਾਈ 2021 ਤੋਂ ਅਕਤੂਬਰ 2021 ਲਈ ਪੰਜਾਬ ਦੇ ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਮਿਲਣਯੋਗ ਤਨਖ਼ਾਹ, ਵਾਧੇ ਦੇ ਏਰੀਅਰ ਲਈ ਢੁਕਵਾਂ ਬਜਟ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਪ੍ਰਾਇਮਰੀ ਵਰਗ ਨੂੰ ਫਰਵਰੀ ਮਹੀਨੇ ਦੀਆਂ ਤਨਖ਼ਾਹਾਂ ਉੱਕਾ ਹੀ ਨਹੀਂ ਪ੍ਰਾਪਤ ਹੋਈਆਂ ਅਤੇ ਕਈ ਥਾਵਾਂ ’ਤੇ ਜਨਵਰੀ ਦੀ ਤਨਖ਼ਾਹ ਨਹੀਂ ਮਿਲੀ ਹੈ।
ਉਧਰ, ਦੂਜੇ ਪਾਸੇ ਸੈਕੰਡਰੀ ਸਕੂਲਾਂ ਲਈ ਪ੍ਰਾਪਤ ਹੋਇਆ ਬਜਟ ਵੀ ਤਨਖ਼ਾਹਾਂ ਦੀ ਕੁੱਲ ਰਾਸ਼ੀ ਅਨੁਸਾਰ ਪੂਰਾ ਨਹੀਂ ਹੈ, ਜਿਸ ਕਾਰਨ ਬਹੁਤ ਸਾਰੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਤਨਖ਼ਾਹਾਂ ਨਹੀਂ ਮਿਲੀਆਂ ਹਨ। ਮੈਡੀਕਲ ਬਿੱਲਾਂ ਦਾ ਬਜਟ ਨਾ ਹੋਣ ਕਾਰਨ ਵੀ ਮੁਲਾਜ਼ਮ ਕਾਫ਼ੀ ਅੌਖੇ ਹਨ ਅਤੇ ਉਨ੍ਹਾਂ ਨੂੰ ਆਮਦਨ ਟੈਕਸ ਦੀਆਂ ਰਿਟਰਨਾਂ ਭਰਨ ਲਈ ਮੁਸ਼ਕਲ ਆ ਰਹੀ ਹੈ।
ਡੀਟੀਐਫ ਆਗੂਆਂ ਰੌਸ਼ਨ ਲਾਲ, ਚਰਨਜੀਤ ਸਿੰਘ, ਰਮੇਸ਼ ਕੁਮਾਰ ਨੇ ਕਿਹਾ ਕਿ ਪਹਿਲਾਂ ਸਾਢੇ ਪੰਜ ਸਾਲ ਪਛੜ ਕੇ ਜਾਰੀ ਹੋਏ ਲੰਗੜੇ ਤਨਖ਼ਾਹ ਕਮਿਸ਼ਨ ਨੇ ਮੁਲਾਜ਼ਮਾਂ ਨੂੰ ਨਿਰਾਸ਼ ਕੀਤਾ ਹੈ, ਦੂਜਾ ਹੁਣ ਮਿਲਣ ਵਾਲੇ ਨਾ ਮਾਤਰ ਵਾਧੇ ਦੇ ਏਰੀਅਰ ਅਤੇ ਤਨਖ਼ਾਹਾਂ ਲਈ ਵੀ ਢੁਕਵਾਂ ਬਜਟ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…