Nabaz-e-punjab.com

ਕੈਨੇਡਾ ਵਿੱਚ ਪੱਕੇ ਵਸਨੀਕ ਬਣਨ ਵਾਲੇ ਸਭ ਤੋਂ ਵੱਧ ਭਾਰਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਕੈਨੇਡਾ ਨੇ ਲਗਾਤਾਰ ਦੂਜੇ ਸਾਲ 300000 ਤੋਂ ਵੱਧ ਇਮੀਗਰੈਂਟ ਨੂੰ ਸਥਾਈ ਨਿਵਾਸੀ ਬਣਾਉਣ ਦਾ ਆਪਣਾ ਰਿਕਾਰਡ ਕਾਇਮ ਰੱਖਿਆ ਹੈ ਅਤੇ ਸਾਲ 2019 ਵਿੱਚ 341180 ਨਵੇਂ ਪ੍ਰਵਾਸੀਆਂ ਨੂੰ ਪੀਆਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਬਲਿਊ.ਡਬਲਿਊ.ਆਈਸੀਐਸ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਲੈਫ਼ ਕਰਨਲ (ਸੇਵਾਮੁਕਤ) ਬੀਐਸ ਸੰਧੂ ਨੇ ਦੱਸਿਆ ਕਿ ਕੈਨੇਡਾ ਵਿੱਚ ਸਥਾਈ ਵਾਸਾ ਕਰਨ ਵਾਲੇ ਨਵੇਂ ਪ੍ਰਵਾਸੀਆਂ ’ਚੋਂ 58 ਫੀਸਦੀ (196675) ਇਕਨਾਮਿਕ ਕਲਾਸ ਰਾਹੀਂ ਗਏ ਹਨ, ਜਦਕਿ 27 ਫੀਸਦੀ (91335) ਫੈਮਿਲੀ ਸਪਾਂਸਰਸ਼ਿਪ ਰਾਹੀਂ ਵਿਦੇਸ਼ ਪਹੁੰਚੇ ਹਨ। ਬਾਕੀ 15 ਫੀਸਦੀ ਸ਼ਰਨਾਰਥੀ ਵਰਗ ਵਿੱਚ ਆਉਂਦੇ ਹਨ। ਸਾਲ 2019 ਵਿਚ ਸਥਾਈ ਵਸਨੀਕ ਬਣਨ ਵਾਲੇ ਸਭ ਤੋਂ ਵਧ ਭਾਰਤੀ ਹਨ, ਜਿਨ੍ਹਾਂ ਦੀ ਗਿਣਤੀ 85585 ਹੈ ਅਤੇ ਇਹ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਲੇ ਪ੍ਰਵਾਸੀਆਂ ਦਾ 25 ਫੀਸਦੀ ਹਨ।
ਕਰਨਲ ਸੰਧੂ ਨੇ ਦੱਸਿਆ ਕਿ ਚੀਨ ਦੂਜੇ ਸਥਾਨ ’ਤੇ ਆਉਂਦਾ ਹੈ, ਜਿੱਥੇ 30260 ਨਾਗਰਿਕਾਂ ਨੇ ਕੈਨੇਡਾ ਦੀ ਪੀਆਰ ਹਾਸਲ ਕੀਤੀ ਹੈ। ਇਸ ਤਰ੍ਹਾਂ ਫਿਲਮੀਨਜ਼ ਤੋਂ 27815, ਨਾਈਜੀਰੀਆ ਤੋਂ 12595 ਅਤੇ ਅਮਰੀਕਾ ਤੋਂ 10800 ਲੋਕਾਂ ਨੇ ਕੈਨੇਡਾ ਪੀ ਆਰ ਲਈ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਸੂਬਿਆਂ ਵਿਚ 2019 ਵਿਚ ਓਨਟਾਰੀਓ ਸੂਬਾ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਿਹਾ ਹੈ, ਜਿੱਥੇ 45 ਫੀਸਦੀ ਨਵੇਂ ਪ੍ਰਵਾਸੀਆਂ ਨੇ ਪੀਆਰ ਹਾਸਲ ਕੀਤੀ ਹੈ। ਬ੍ਰਿਟਿਸ਼ ਕੋਲੰਬੀਆਂ ਦਾ ਦੂਜਾ ਸਥਾਨ ਰਿਹਾ ਹੈ, ਜਿੱਥੇ 50320 ਨਵੇਂ ਪ੍ਰਵਾਸੀ ਗਏ ਹਨ। ਇਸ ਤੋਂ ਬਾਅਦ ਤੀਜਾ ਸਥਾਨ ਅਲਬਰਟਾ ਸੂਬੇ ਦਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਕੌਮਾਂਤਰੀ ਪ੍ਰਵਾਸੀਆਂ ਲਈ ਵਿਸ਼ਵ ਵਿਚ ਸਭ ਤੋਂ ਵੱਧ ਆਕਰਸ਼ਨ ਅਤੇ ਤਰਜੀਹ ਵਾਲਾ ਟਿਕਾਣਾ ਹੈ। ਫੈਡਰਲ ਸਰਕਾਰ ਨੇ ਸਾਲ 2020 ਵਿਚ 341000 ਹੋਰ ਨਵੇਂ ਪ੍ਰਵਾਸੀਆਂ ਨੂੰ ਇਮੀਗਰੇਸ਼ਨ ਦੇਣ ਦਾ ਟੀਚਾ ਰਖਿਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਤੋਂ ਗੈਰ ਵਸਨੀਕ ਭਾਰਤੀਆਂ ਨਾਲ ਚੰਗਾ ਤਾਲਮੇਲ ਬਣਿਆ ਹੋਇਆ ਹੈ, ਤਾਂ ਜੋ ਭਾਰਤੀ ਨਾਗਰਿਕਾਂ ਨੂੰ ਵੱਧ ਤੋਂ ਵੱਧ ਪੀ ਆਰ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਹੁਨਰਮੰਦ ਤੇ ਪੇਸ਼ਾਵਰ ਲੋਕਾਂ ਲਈ ਕੈਨੇਡਾ ਦੀ ਪੀ ਆਰ ਦਾ ਇਹ ਢੁਕਵਾਂ ਮੌਕਾ ਹੈ, ਕਿਉਂਕਿ ਸਰਕਾਰ ਨੇ ਇਸ ਵਾਸਤੇ ਤੇਜ਼ ਅਤੇ ਸਰਲ ਰਾਹ ਅਖ਼ਤਿਆਰ ਕੀਤਾ ਹੈ। ਡਬਲਿਊ.ਡਬਲਿਊ.ਆਈ.ਸੀ.ਐਸ ਵਿਸ਼ਵ ਪੱਧਰ ਦਾ ਇਮੀਗਰੇਸ਼ਨ ਸੇਵਾ ਗਰੁੱਪ ਹੈ, ਜੋ 1993 ਤੋਂ ਇਸ ਖੇਤਰ ਵਿੱਚ ਸੇਵਾਵਾਂ ਦੇ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…