
ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਜ਼ਰੂਰੀ: ਮੇਅਰ ਕੁਲਵੰਤ ਸਿੰਘ
ਮੇਅਰ ਕੁਲਵੰਤ ਸਿੰਘ ਤੇ ਹੋਰਨਾਂ ਕੌਂਸਲਰਾਂ ਨੇ ਸੈਕਟਰ-71 ਦੇ ਕਾਰਗਿਲ ਪਾਰਕ ਵਿੱਚ ਲਗਾਏ ਪੌਦੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਅੱਜ ਸਾਡਾ ਵਾਤਾਵਰਨ ਬਹੁਤ ਗੰਧਲਾ ਹੋ ਗਿਆ ਹੈ, ਇਸ ਨੂੰ ਸਾਫ਼ ਸੁਥਰਾ ਬਣਾਉਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ। ਇਹ ਗੱਲ ਨਗਰ ਨਿਗਮ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਅੱਜ ਸਥਾਨਕ ਸੈਕਟਰ-71 ਦੇ ਕਾਰਗਿਲ ਪਾਰਕ ਵਿੱਚ ਪੌਦੇ ਲਗਾਉਣ ਮੌਕੇ ਸੰਬੋਧਨ ਕਰਦਿਆਂ ਆਖੀ। ਉਹਨਾਂ ਕਿਹਾ ਕਿ ਪੌਦੇ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਸਾਡੇ ਵਾਤਾਵਰਨ ਨੂੰ ਵੀ ਸ਼ੁੱਧ ਕਰਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਮੁਹਾਲੀ ਨੂੰ ਹਰਿਆ ਭਰਿਆ ਬਣਾਉਣ ਲਈ ਨਗਰ ਨਿਗਮ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਇਸ ਸਬੰਧੀ ਵਾਰਡ ਪੱਧਰ ’ਤੇ ਆਮ ਸ਼ਹਿਰੀਆਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਅੱਜ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋ ਰਹੀ ਹੈ ਅਤੇ ਜੇਕਰ ਇਸ ਨੂੰ ਰੋਕਣ ਲਈ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੀਆਂ ਪੀੜੀਆਂ ਪਾਣੀ ਨੂੰ ਤਰਸਣਗੀਆਂ ਅਤੇ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਦੀ ਘਾਟ ਕਾਰਨ ਜਿਉਣਾ ਦੂਭਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਮਾਹਰ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਧਰਤੀ ਤੇ ਪੀਣ ਯੋਗ ਪਾਣੀ ਬਹੁਤ ਤੇਜੀ ਨਾਲ ਘਟ ਰਿਹਾ ਹੈ ਅਤੇ ਇਸ ਸਮੱਸਿਆ ਤੇ ਕਾਬੂ ਕਰਨ ਲਈ ਜਿੱਥੇ ਵੱਧ ਤੋਂ ਵੱਧ ਦਰਖਤ ਲਾਉਣੇ ਜ਼ਰੂਰੀ ਹਨ ਉੱਥੇ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਦੇ ਪ੍ਰਬੰਧ ਕੀਤੇ ਜਾਣੇ ਵੀ ਜਰੂਰੀ ਹਨ। ਉਨ੍ਹਾਂ ਇਸ ਮੌਕੇ ਕਾਰਗਿਲ ਪਾਰਕ ਵਿੱਚ 28 ਲੱਖ ਰੁਪਏ ਦੀ ਲਾਗਤ ਨਾਲ ਲਾਈਬ੍ਰੇਰੀ ਬਣਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਮੇਅਰ ਧੜੇ ਦੇ ਕੌਂਸਲਰ ਹਰਪਾਲ ਸਿੰਘ ਚਾਨਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਇਕ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਾਰਗਿਲ ਪਾਰਕ ਵਿੱਚ ਲਾਈਬ੍ਰੇਰੀ ਬਣਾਉਣ ਦੇ ਐਲਾਨ ਲਈ ਸੈਕਟਰ ਵਾਸੀਆਂ ਵੱਲੋਂ ਮੇਅਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਕਾਂਗਰਸ ਦੇ ਕੌਂਸਲਰ ਅਮਰੀਕ ਸਿੰਘ ਸੋਮਲ, ਜਸਪਾਲ ਸਿੰਘ ਮਟੌਰ, ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਅਤੇ ਇਲਾਕਾ ਵਾਸੀ ਮੌਜੂਦ ਸਨ।