
ਮੁਹਾਲੀ ਵਿੱਚ ਸਭ ਤੋਂ ਵੱਧ ਪਾਜ਼ੇਟਿਵ ਕੇਸ ਹੋਣ ਕਾਰਨ ਅਗਲੇ ਹੁਕਮਾਂ ਤੱਕ ਕਰਫਿਊ ’ਚ ਨਹੀਂ ਮਿਲੇਗੀ ਢਿੱਲ
ਜ਼ਿਲ੍ਹੇ ਵਿੱਚ 20 ਅਪਰੈਲ ਤੋਂ ਕੋਈ ਵਾਧੂ ਗਤੀਵਿਧੀਆਂ ਚਾਲੂ ਨਹੀਂ ਕੀਤੀਆਂ ਜਾਣਗੀਆਂ: ਜ਼ਿਲ੍ਹਾ ਮੈਜਿਸਟਰੇਟ
ਕਰੋਨਾਵਾਇਰਸ ਦੀ ਮਹਾਮਾਰੀ ਫੈਲਣ ਦੇ ਖ਼ਤਰੇ ਨੂੰ ਅਜੇ ਵੀ ਨਕਾਰਿਆ ਨਹੀਂ ਜਾ ਸਕਦਾ: ਦਿਆਲਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸੀਪੀਸੀ ਦੀ ਧਾਰਾ 144 ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹੇ ਵਿੱਚ ਲਗਾਇਆ ਗਿਆ ਕਰਫਿਊ ਲਾਗੂ ਰਹੇਗਾ ਅਤੇ ਕੋਈ ਵੀ ਵਾਧੂ ਗਤੀਵਿਧੀਆਂ (ਪਹਿਲਾਂ ਦੇ ਆਦੇਸ਼ਾਂ ਅਧੀਨ ਪ੍ਰਵਾਨਗੀਆਂ/ਛੋਟਾਂ ਵਿਚਲੀ ਪਾਬੰਦੀਆਂ) ਇਸ ਦਫ਼ਤਰ ਵੱਲੋਂ ਦਿੱਤੀਆਂ ਜਾਂਦੀਆਂ ਵਿਸ਼ੇਸ਼ ਛੋਟਾਂ ਤੋਂ ਬਗੈਰ ਚਾਲੂ ਨਹੀਂ ਕੀਤੀਆਂ ਜਾਣਗੀਆਂ। ਇਹ ਗਤੀਵਿਧੀਆਂ ਦੇ ਉਦੇਸ਼ਾਂ ਲੋਕਾਂ ਦੀਆਂ ਮੁਸ਼ਕਲ ਘਟਾਉਣ ਅਤੇ ਸਰਕਾਰੀ ਕਾਰੋਬਾਰ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਦੇ ਅਧਾਰ ’ਤੇ ਨਿਰਧਾਰਤ ਕੀਤੀਆਂ ਜਾਣਗੀਆਂ।
ਮਹਾਮਾਰੀ ਦੇ ਉੱਭਰ ਰਹੇ ਖਤਰੇ ਅਤੇ ਸੰਭਾਵਿਤ ਵਿਸ਼ਾਲਤਾ ਨੂੰ ਦੇਖਦਿਆਂ ਅਤੇ ਮਨੁੱਖੀ ਜੀਵਨ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਖ਼ਤ ਉਪਾਅ ਲਾਗੂ ਕੀਤੇ ਗਏ ਹਨ। ਕੋਈ ਵੀ ਉਲੰਘਣਾ ਕਰਨ ’ਤੇ ਉਸ ਖਿਲਾਫ ਆਫਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ (ਐਮਐਚਏ, ਭਾਰਤ ਸਰਕਾਰ) ਦੁਆਰਾ ਸੋਧੇ ਗਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਜੋ ਦੇਸ ਵਿਚ 20 ਅਪ੍ਰੈਲ, 2020 ਤੋਂ ਕੁਝ ਵਾਧੂ ਗਤੀਵਿਧੀਆਂ ਖੋਲ੍ਹਣ ਦੀ ਇਜਾਜਤ ਦਿੰਦੇ ਹਨ ਪਰ ਇਹ ਵੀ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਇਹ ਦਿਸ਼ਾ-ਨਿਰਦੇਸ਼ ‘ਹੌਟਸਪੌਟਸ’ ਵਿੱਚ ਬਣੇ ਕੰਟੇਨਮੈਂਟ ਜ਼ੋਨਾਂ, ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਓ ਐਚਐਫਡਬਲਯੂ), ਭਾਰਤ ਸਰਕਾਰ ਦੇ ਦਿਸਾ-ਨਿਰਦੇਸਾਂ ਦੁਆਰਾ ਨਿਰਧਾਰਿਤ ਕੀਤੇ ਕੋਵਿਡ-19 ਦੇ ਵੱਡੇ ਫੈਲਾਅ ਵਾਲੇ ਖੇਤਰਾਂ ਜਾਂ ਕੋਵਿਡ-19 ਦੇ ਵੱਡੀ ਗਿਣਤੀ ਵਿਚ ਫੈਲਣ ਵਾਲੇ ਸਮੂਹਾਂ ਦੇ ਖੇਤਰ ਸ਼ਾਮਲ ਹਨ, ’ਤੇ ਲਾਗੂ ਨਹੀਂ ਹੋਣਗੇ।
ਹੁਣ ਤੱਕ ਜ਼ਿਲ੍ਹੇ ਵਿੱਚ ਕੋਵਿਡ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 61 ਹੈ ਜੋ ਕਿ ਸੂਬੇ ਵਿੱਚ ਸਭ ਤੋਂ ਵੱਧ ਹੈ। ਜ਼ਿਲ੍ਹੇ ਦੀ ਆਪਣੀ ਸੀਮਾ ਯੂਟੀ ਚੰਡੀਗੜ੍ਹ ਅਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ ਦੇ ਸੂਬਿਆਂ ਦੇ ਨਾਲ ਲੱਗਦੀ ਹੈ। ਕਾਫੀ ਗਿਣਤੀ ਵਿੱਚ ਲੋਕ ਮੁਹਾਲੀ ਜਾਂਦੇ ਹਨ ਅਤੇ ਇਨ੍ਹਾਂ ਰਾਜਾਂ ਤੋਂ ਵਾਪਸ ਆਉਂਦੇ ਹਨ ਕਿਉਂਕਿ ਉਨ੍ਹਾਂ ਦੇ ਕੰਮ ਦੀ ਜਗ੍ਹਾ ਜਾਂ ਰਿਹਾਇਸ ਇੱਥੇ ਸਥਿਤ ਹੈ। ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਜ਼ਿਲ੍ਹਾ ਅਜੇ ਤੱਕ ਪਾਜ਼ੇਟਿਵ ਕੇਸ ਤੋਂ ਬਿਨਾਂ 14 ਦਿਨਾਂ ਦੀ ਅਵਸਥਾ ਵਿੱਚ ਨਹੀਂ ਪਹੁੰਚਿਆ ਹੈ ਅਤੇ ਮੁਹਾਲੀ ਜ਼ਿਲ੍ਹੇ ਵਿੱਚ ਪੰਜਾਬ ਭਰ ਚੋਂ ਸਭ ਤੋਂ ਵੱਧ ਕੋਵਿਡ ਦੇ ਪਾਜ਼ੇਟਿਵ ਕੇਸ ਹਨ। ਇਸ ਲਈ ਮਹਾਮਾਰੀ ਫੈਲਣ ਦੇ ਖ਼ਤਰੇ ਨੂੰ ਅਜੇ ਵੀ ਨਕਾਰਿਆ ਨਹੀਂ ਜਾ ਸਕਦਾ ਹੈ।